• Shamsher singh

•Syl ਗੀਤ: ਰਾਜਨੀਤਿਕ ਗੀਤਾਂ ਦਾ ਸੁਲਤਾਨ, ਸਭਿਆਚਾਰਕ ਗੀਤਾਂ ਦੀ ਸ਼ਾਨ।

•ਗੀਤ "ਕਿਤਾਬਾਂ ਵਾਲਿਆਂ"ਦੀ ਸਮਝ ਤੋਂ ਬਾਹਰ। • ਬਲਵਿੰਦਰ ਸਿੰਘ ਜਟਾਣਾ ਗੀਤ ਦੀ ਅਭੁੱਲ ਯਾਦਗਾਰ। •ਟੋਪੀ ਅਤੇ ਪਗ ਕਿਸ ਵਲ ਇਸ਼ਾਰਾ ਹੈ? •ਗੀਤ ਵਿੱਚ sovereignty ਦੀ ਆਵਾਜ਼-ਰਾਜਨੀਤਿਕ ਸੋਝੀ ਦੀ ਸਿਖਰ। •ਬੰਦੀ ਸਿੰਘਾਂ ਦੀ ਰਿਹਾਈ ਦਾ ਦਰਦ ਵੀ ਗੀਤ ਦਾ ਹਿੱਸਾ। •ਗੀਤ ਵਿੱਚ ਦੋਗਲੇ ਕਿਰਦਾਰਾਂ ਨੂੰ ਰਗੜਾ। •" ਸਟੇਟ" ਦੀ ਮਿੱਠੀ ਕੈਦ 'ਚੋਂ ਆਜ਼ਾਦ ਕਰਦਾ ਹੈ ਇਹ ਗੀਤ। ਕਰਮਜੀਤ ਸਿੰਘ ਚੰਡੀਗੜ੍ਹ 99150-91063

ਇਸ ਗੀਤ ਅੰਦਰ ਹੋਰ ਕਿੰਨੇ ਗੀਤ ਲੁਕੇ ਪਏ ਹਨ।ਕਿੰਨੇ ਦਰਦ ਸਾਂਭੇ ਪਏ ਹਨ। ਗੀਤ ਨੂੰ ਬਿਆਨ ਕਰਨ ਲਈ ਸ਼ਬਦ ਲੱਭਦੇ ਹਨ,ਪਰ ਢੁੱਕਵੇਂ ਸ਼ਬਦ ਨਹੀਂ ਲੱਭ ਰਹੇ,ਪੰਛੀਆਂ ਵਾਂਗ ਅੱਗੇ ਅੱਗੇ ਉਡੇ ਜਾਂਦੇ ਹਨ,ਉਨ੍ਹਾਂ ਸ਼ਬਦਾਂ ਦੀ ਭਾਲ ਵਿੱਚ ਹਾਂ ਜੋ ਦਿਲਾਂ ਤਕ ਲਹਿੰਦੇ ਜਾਣ,ਰੂਹ ਨੂੰ ਰੌਸ਼ਨ ਕਰਦੇ ਜਾਣ,ਪਰ ਅਕਲਾਂ ਵਾਲਿਆਂ ਨੂੰ ਕੁਝ ਚਿਰ ਲਈ ਆਰਾਮ ਕਰਨ ਵਾਸਤੇ ਭੇਜ ਦੇਣ ਕਿਉਂਕਿ ਉਹ ਕਿਤਾਬਾਂ ਹੇਠ ਦੱਬੇ ਪਏ ਹਨ। ਐਸਵਾਈਐਲ ਗੀਤ ਮਿੱਥ ਬਣ ਗਿਆ ਹੈ- ਇਕ ਇਤਿਹਾਸਕ ਮਿੱਥ,ਇਕ ਮਨੋਵਿਗਿਆਨਕ ਮਿੱਥ,ਤੱਥਾਂ ਨਾਲ ਭਰਪੂਰ ਰਾਜਨੀਤਕ ਮਿੱਥ।ਮਾਲਵੇ ਦੀ ਧਰਤੀ ਦਾ ਮਸੂਮ ਜੱਟ ਸਿੱਧੂ ਮੂਸੇਵਾਲਾ ਵੀ ਇਤਿਹਾਸਕ ਮਿੱਥ ਬਣ ਗਿਆ ਹੈ ਜਿਸ ਵਿੱਚ ਇਤਿਹਾਸ ਤੇ ਮਿੱਥ ਰਲ ਮਿਲ ਕੇ ਗੀਤ ਨੂੰ ਨਵੇਂ ਅਰਥਾਂ ਨਾਲ ਸ਼ਿੰਗਾਰਦੇ ਅਤੇ ਸਜਾਉਂਦੇ ਹਨ। ਇਸ ਗੀਤ ਅੰਦਰ ਇਕ ਹੋਰ ਜੁਝਾਰੂ ਸਿੰਘ ਵੀ ਮਿੱਥ ਬਣ ਗਿਆ ਹੈ ਜਿਸ ਨੇ ਇਸ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ ਅਤੇ ਉਹ ਹੈ-ਬਲਵਿੰਦਰ ਸਿੰਘ ਜਟਾਣਾ। ਹੁਣ ਭਾਵੇਂ ਫ਼ੌਜ ਵੀ ਆ ਜਾਵੇ,ਨਹਿਰ ਕੱਢਣੀ ਔਖੀ ਹੈ ਕਿਉਂਕਿ ਗੀਤ ਹਰ ਕਿਸੇ ਨੂੰ ਚਿਤਾਵਨੀ ਦੇ ਰਿਹਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਰਨੈਲ ਬਲਵਿੰਦਰ ਸਿੰਘ ਜਟਾਣਾ ਫੇਰ ਆ ਸਕਦਾ ਹੈ-ਹਾਂ ਜਟਾਣਾ ਪਿੰਡ ਦਾ ਉਹ ਨਾਇਕ ਜਿਸ ਵਿੱਚ ਹਜ਼ਾਰਾਂ ਚਿਹਰੇ ਹਨ(hero with thousands faces,with thousands meanings) ਬਲਵਿੰਦਰ ਸਿੰਘ ਜਟਾਣਾ ਨਾਲ ਜੁੜੀਆਂ ਨਿੱਜੀ ਤੇ ਅਭੁੱਲ ਯਾਦਾਂ ਕਦੇ ਫੇਰ ਸਾਂਝੀਆਂ ਕਰਾਂਗਾ। ਪਰ ਇਸ ਗੀਤ ਬਾਰੇ ਹੋ ਰਹੇ ਵਿਚਾਰ ਵਟਾਂਦਰੇ ਦੌਰਾਨ ਇੱਕ ਦੋਸਤ ਦਾ ਇਹ ਐਲਾਨ ਮਹੱਤਵਪੂਰਨ ਹੈ ਕਿ ਬਲਵਿੰਦਰ ਸਿੰਘ ਜਟਾਣਾ ਅਤੇ ਸਾਥੀਆਂ ਦੀ ਪਾਣੀਆਂ ਦੀ ਰਾਖੀ ਲਈ ਕੀਤੀ ਕੁਰਬਾਨੀ ਵਿੱਚ ਹੋਈ ਹਿੰਸਾ ਪਵਿੱਤਰ ਹਿੰਸਾ ਵਿੱਚ ਤਬਦੀਲ ਹੋ ਗਈ ਹੈ,ਕਿਉਂਕਿ "ਸਟੇਟ" ਦੀ ਹਿੰਸਾ ਦੇ ਮੁਕਾਬਲੇ ਵਿੱਚ ਕੀਤੀ ਇਹ ਹਿੰਸਾ ਮਹਾਨ,ਨਿਵੇਕਲੀ ਅਤੇ ਪਵਿੱਤਰ ਇਸ ਲਈ ਵੀ ਹੈ ਕਿਉਂਕਿ ਪਾਣੀ ਨੂੰ "ਪਿਤਾ"(ਪਵਣੁ ਗੁਰੂ ਪਾਣੀ ਪਿਤਾ) ਦਾ ਰੁਤਬਾ ਦਿੱਤਾ ਗਿਆ ਹੈ। ਵੈਸੇ ਵੀ ਇਸ ਹਿੰਸਾ ਵਿੱਚ ਵੱਡਾ ਕਾਜ਼ ਸ਼ਾਮਲ ਸੀ ਜਿਸ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਹਿੱਤ ਕੌਮ ਦਾ ਹਿੱਤ ਬਣ ਗਿਆ ਸੀ। ਮੈਂ ਇਹ ਗੀਤ ਵਾਰ ਵਾਰ ਸੁਣਿਆ ਹੈ ਅਤੇ ਲੱਖਾਂ ਲੋਕਾਂ ਨੇ ਵੀ ਸੁਣਿਆ ਹੈ ਪਰ ਇਨ੍ਹਾਂ ਲੱਖਾਂ ਲੋਕਾਂ ਅੰਦਰ ਲੁਕੀ ਖ਼ਾਮੋਸ਼ ਪ੍ਰਸੰਸਾ ਨੂੰ ਸ਼ਬਦਾਂ ਵਿੱਚ ਕਿਵੇਂ ਉਤਾਰਿਆ ਜਾਵੇ? ਸ਼ਬਦ ਸਾਧਾਰਨ ਹਨ ਪਰ ਕਿਸੇ ਅਣਪਛਾਤੀ ਅਤੇ ਅਣਗੌਲੀ ਸਾਦਗੀ ਨਾਲ ਭਰੇ ਪਏ ਹਨ ਜਾਂ ਇਉਂ ਕਹਿ ਲਵੋ ਕਿ ਇਹ ਇਕ ਅਜਿਹਾ ਸਫ਼ਰ ਹੈ ਜੋ ਦਿਸਦੇ ਤੋਂ ਅਣਦਿਸਦੇ ਵੱਲ ਜਾ ਰਿਹਾ ਹੈ(journey from known to unknown)।ਅਸਲ ਵਿਚ ਵੱਡੀ ਸਾਦਗੀ ਵਿੱਚ ਇਲਮ ਦਾ ਝੱਖੜ ਨਹੀਂ ਹੁੰਦਾ।ਅਹਿਸਾਸ ਦੀ ਇੱਕ ਵਗਦੀ ਨਦੀ ਹੁੰਦੀ ਹੈ ਜੋ ਕਦੇ ਸ਼ਾਂਤ ਹੁੰਦੀ ਹੈ ਅਤੇ ਕਦੇ ਤੇਜ਼,ਕਦੇ ਸ਼ੂਕਦੀ। ਭਲਾ ਇਹ ਦੱਸੋ ਕਿ ਗੀਤ ਵਿੱਚ "ਟੋਪੀ" ਦਾ ਇਸ਼ਾਰਾ ਕਿੱਧਰ ਵੱਲ ਹੈ? ਕੁਝ ਵੀਰ ਇਸ ਨੂੰ "ਕੇਜਰੀਵਾਲ ਵਰਤਾਰੇ" ਦਾ ਨਾਂ ਦਿੰਦੇ ਹਨ ਜੋ ਦਿੱਲੀ ਤੋਂ ਬੈਠ ਕੇ ਸਾਡੇ ਉੱਤੇ ਹੁਕਮ ਚਲਾ ਰਿਹਾ ਹੈ।ਪਰ ਮੇਰੇ ਖ਼ਿਆਲ ਵਿਚ ਇਹ ਅਰਥ ਸੀਮਤ ਹਨ।ਇਨ੍ਹਾਂ ਦਾ ਘੇਰਾ ਛੋਟਾ ਹੈ। ਚੇਤੇ ਕਰੋ ਕਿ ਸੰਤ ਜਰਨੈਲ ਸਿੰਘ ਕਿਹਾ ਕਰਦੇ ਸਨ ਕਿ 1947 ਵਿੱਚ ਅਸਾਂ ਟੋਪੀ ਨੂੰ ਆਜ਼ਾਦ ਕਰਾਇਆ ਸੀ,ਹੁਣ ਅਸੀਂ "ਪੱਗ" ਨੂੰ ਆਜ਼ਾਦ ਕਰਾਉਣਾ ਹੈ; ਕਿਉਂਕਿ ਗੀਤ ਮੁਤਾਬਕ ਹੁਣ ਟੋਪੀ ਪੱਗਾਂ ਵਾਲਿਆਂ ਨਾਲ ਪੰਗੇ ਲੈ ਰਹੀ ਹੈ। ਗੀਤ ਵਿੱਚ 26 ਜਨਵਰੀ 2021 ਨੂੰ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਦੀ ਮਹਾਨ ਘਟਨਾ ਦਾ ਵਿਰੋਧ ਕਰਨ ਵਾਲੇ ਕਿਸੇ "ਅਡ਼ਬ ਪੰਜਾਬੀ" ਦਾ ਨਾਂ ਲਿਆ ਗਿਆ ਹੈ। ਸਪਸ਼ਟ ਹੈ ਕਿ ਅਡ਼ਬ ਪੰਜਾਬੀ ਪ੍ਰਸਿੱਧ ਗਾਇਕ ਬੱਬੂ ਮਾਨ ਵਲ ਇਸ਼ਾਰਾ ਹੈ।ਪਰ ਜਦੋਂ ਗੀਤ ਵਿੱਚ ਇਹ ਨਾਂ ਲਿਆ ਹੀ ਨਹੀਂ ਗਿਆ ਤਾਂ ਅਸੀਂ ਇਹੀ ਕਹਾਂਗੇ ਕਿ ਇਹ ਸ਼ਬਦ ਅਸਲ ਵਿੱਚ ਦੋਗਲੇ ਕਿਰਦਾਰਾਂ ਵਾਲੇ ਬੰਦਿਆਂ ਵੱਲ ਇਸ਼ਾਰਾ ਕਰਦਾ ਹੈ ਜੋ ਹਾਲਤਾਂ ਮੁਤਾਬਕ ਘੜੀ ਦੇ ਪੈਂਡੂਲਮ ਮੁਤਾਬਿਕ "ਕਦੇ ਏਧਰ" "ਕਦੇ ਓਧਰ" ਪਾਸੇ ਪਰਤਦੇ ਰਹਿੰਦੇ ਹਨ,ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੇ ਇਤਿਹਾਸਕ ਅਰਥ ਕਿਹੜੇ ਸਨ। ਮੈਂ ਬੱਬੂ ਮਾਨ ਨੂੰ ਪੰਜਾਬੀ ਗਾਇਕਾਂ ਵਿੱਚ ਦਾਨਸ਼ਵਰ ਗਾਇਕ ਸਮਝਦਾ ਹਾਂ,ਕਿਉਂਕਿ ਉਸ ਦੇ ਗੀਤਾਂ ਵਿੱਚ ਪੰਜਾਬ ਦੇ ਦਰਦ ਦੀ ਗੱਲ ਵੀ ਆਉਂਦੀ ਰਹੀ ਹੈ,ਪਰ ਉਦੋਂ ਹੈਰਾਨੀ ਹੋਈ ਜਦੋਂ ਨਿਸ਼ਾਨ ਸਾਹਿਬ ਦੀ ਘਟਨਾ 'ਤੇ ਉਸ ਦੀ ਬੌਧਿਕਤਾ ਅਚੇਤ ਰੂਪ ਵਿਚ ਸਟੇਟ ਦੇ ਹੱਕ ਵਿੱਚ ਭੁਗਤ ਗਈ ਅਤੇ ਉਹ ਦੀਪ ਸਿੱਧੂ ਦੀ ਇਤਿਹਾਸਕ ਪ੍ਰਾਪਤੀ ਨਾਲ ਗੂੜ੍ਹੀ ਸਾਂਝ ਨਹੀਂ ਸੀ ਪਾ ਸਕਿਆ। ਗੀਤ ਵਿੱਚ ਸੌਵਰੈਨਿਟੀ(sovereignty ) ਦੀ ਆਵਾਜ਼ ਬੁਲੰਦ ਕੀਤੀ ਗਈਹੈ।ਭਲਾ ਸੌਵਰੈਨਿਟੀ ਕੀ ਚੀਜ਼ ਹੈ? ਗੀਤ ਵਿਚ ਇਸ ਸ਼ਬਦ ਦੀ ਵਰਤੋਂ ਨਾਲ ਇਹ ਸ਼ਬਦ ਉਸ ਮੰਜ਼ਿਲ ਵੱਲ ਇਸ਼ਾਰਾ ਕਰਦਾ ਹੈ ਜਿਸ ਨੂੰ ਹਾਸਲ ਕਰਨ ਲਈ ਜੁਝਾਰੂ ਲਹਿਰ ਦੌਰਾਨ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ,ਜਿਸ ਨੂੰ ਹਾਸਲ ਕਰਨ ਦੀ ਰੀਝ ਹਰ ਕਿਸੇ ਦੇ ਅਚੇਤ ਤੇ ਸੁਚੇਤ ਮਨ ਵਿਚ ਲਟ ਲਟ ਬਲਦੀ ਹੈ।ਸਾਵਰੈਨੇਟੀ ਕੋਈ ਖੁਦਮੁਖਤਿਆਰੀ ਦਾ ਖਿਡੌਣਾ ਨਹੀ, ਨਾ ਇਹ ਕਿਸੇ ਫੈਡਰਲ ਢਾਂਚੇ ਦੀ ਮੰਗ ਵੱਲ ਇਸ਼ਾਰਾ ਕਰਦੀ ਹੈ,ਨਾ ਇਹ ਪੂਰਨ ਆਜ਼ਾਦੀ ਦੀ ਕੋਈ ਮੰਜ਼ਿਲ ਹੈ,ਨਾ ਇਹ ਕਿਸੇ ਕਨਫੈਡਰੇਸ਼ਨ ਢਾਂਚੇ ਦੀ ਮੁਥਾਜ ਹੈ। ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਹਾਵਰੇ ਵਿਚ ਇਹ "ਸਿੱਖ ਨੇਸ਼ਨ-ਸਟੇਟ"ਦਾ ਦੂਜਾ ਨਾਂ ਹੈ ਜਿਸ ਨੂੰ ਖ਼ਾਲਿਸਤਾਨ ਕਹਿੰਦੇ ਹਨ,ਜੋ ਪੂਰੀ ਤਰ੍ਹਾਂ ਪ੍ਰਭੂਸੰਪੰਨ(sovereign)ਹੈ ਅਤੇ ਜਿਸ ਦੇ ਫ਼ੈਸਲਿਆਂ ਵਿੱਚ ਕਿਸੇ ਵੀ ਬਾਹਰੀ ਸ਼ਕਤੀ ਦੀ ਦਖ਼ਲ ਅੰਦਾਜ਼ੀ ਨਹੀਂ ਹੋ ਸਕਦੀ। ਗੀਤ ਵਿੱਚ ਇਸ ਸ਼ਬਦ ਦੇ ਆ ਜਾਣ ਨਾਲ ਖ਼ਾਲਸਾ ਪੰਥ ਦੇ ਬੰਦ ਕਿਲੇ ਦੇ ਕਿੰਨੇ ਬਾਰੀਆਂ,ਦਰਵਾਜ਼ੇ ਖੁੱਲ੍ਹ ਗਏ ਹਨ, ਕਿੰਨੇ ਵੰਨ ਸੁਵੰਨੇ ਫੁੱਲ ਖਿੜ ਗਏ ਹਨ ਜਿਨ੍ਹਾਂ ਦੀ ਖੁਸ਼ਬੋ ਸਾਨੂੰ ਸੱਜਰੀ ਸਵੇਰ ਵਾਂਗ ਤਾਜ਼ਗੀ ਦਿੰਦੀ ਰਹੇਗੀ। ਇਹ ਸ਼ਬਦ ਰਾਜਨੀਤਕ ਸੋਝੀ ਦਾ ਵਿਵੇਕ ਪ੍ਰਤੀਕ ਹੈ ਜਾਂ ਇਉਂ ਕਹਿ ਲਵੋ ਕਿ ਇਹ ਸ਼ਬਦ ਰਾਜਨੀਤਕ ਸੋਝੀ ਦੀ ਜਾਗ ਲਾਉਂਦਾ ਹੈ ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਇਹ ਰਾਜਨੀਤਕ ਸੋਝੀ ਦਾ "ਟੀਸੀ ਦਾ ਬੇਰ" ਹੈ, ਜਿਸ ਵੱਲ ਸਾਡੀ ਲਗਾਤਾਰ ਨਜ਼ਰ ਰਹਿੰਦੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੇ ਸਿੱਖ ਚੇਤਨਾ ਵਿੱਚ ਆਪਣਾ ਘਰ ਬਣਾ ਲਿਆ ਅਤੇ ਗੀਤ ਨੇ ਵੀ ਇਸ ਦਰਦ ਨੂੰ ਬੁਲੰਦ ਆਵਾਜ਼ ਵਿੱਚ ਉਠਾਇਆ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਜਿਊਣਾ ਮੌੜ,ਦੁੱਲਾ ਭੱਟੀ ਅਤੇ ਜੱਗਾ ਜੱਟ ਤੋਂ ਕੋਈ ਅਗਲੀ ਗੱਲ ਹੈ,ਕੋਈ ਉਚੇਰੀ ਮੰਜ਼ਿਲ ਹੈ।ਇਉਂ ਵੀ ਕਹਿ ਸਕਦੇ ਹੋ ਕਿ ਇਸ ਗੀਤ ਨੇ ਪੰਜਾਬੀ ਗਾਇਕਾਂ ਦੀ ਮਹਿਫਲ ਨੂੰ ਰਾਜਨੀਤਕ ਮੋੜ ਦੇ ਦਿੱਤਾ ਹੈ। ਪਰ ਮੇਰਾ ਇੱਕ ਦੋਸਤ ਇਹ ਕਹਿਣਾ ਚਾਹੁੰਦਾ ਹੈ ਕਿ ਸਿੱਧੂ ਮੂਸੇਵਾਲਾ ਨੇ ਰਾਜਨੀਤਕ ਮੁੱਦਿਆਂ ਨੂੰ ਗਾਉਣ ਦੀ ਇਕ ਰਵਾਇਤ ਦਾ ਨੀਂਹ ਪੱਥਰ ਰੱਖਿਆ ਹੈ ਜਾਂ ਉਸ ਨੇ ਇਸ ਰਵਾਇਤ ਦੀ ਸਿਰਜਣਾ ਕੀਤੀ ਹੈ ਜਾਂ ਇਉਂ ਕਹਿ ਲਵੋ ਕਿ ਉਸ ਨੇ ਇਸ ਰਵਾਇਤ ਵਿਚ ਸਭਿਆਚਾਰਕ ਜ਼ਿੰਦਗੀ ਦੇ ਰੰਗਾਂ ਵਿੱਚ ਰਾਜਨੀਤਕ ਰੰਗ ਭਰ ਦਿੱਤੇ ਹਨ।ਇਹ ਇਕ ਚੰਗਾ ਸ਼ਗਨ ਹੈ। ਕੀ ਇਉਂ ਨਹੀਂ ਲਗਦਾ ਕਿ ਇਹੋ ਜਿਹੇ ਸਭਿਆਚਾਰਕ ਨਾਇਕ ਕਿਸੇ ਮਹਾਨ ਲੀਡਰ ਦੇ ਆਉਣ ਦਾ ਇਸ਼ਾਰਾ ਕਰ ਰਹੇ ਹਨ? ਮੈਂ ਕਿਤੇ ਪੜ੍ਹਿਆ ਸੀ ਕਿ ਮਿੱਥ ਗਿਆਨ ਨਾਲੋਂ ਕਿਤੇ ਤਾਕਤਵਰ ਹੁੰਦੀ ਹੈ। ਮਿੱਥ ਵਿਚ ਕਈ ਵਾਰ ਇਤਿਹਾਸ ਨਾਲੋਂ ਵੀ ਜ਼ਿਆਦਾ ਤਾਕਤ ਹੁੰਦੀ ਹੈ ਤੇ ਸਮਰੱਥਾ ਵੀ-ਐਨ ਉਸੇ ਤਰ੍ਹਾਂ ਜਿਵੇਂ ਕਈ ਵਾਰ ਸੁਪਨੇ ਵੀ ਤੱਥਾਂ ਨਾਲੋਂ ਵਧੇਰੇ ਤਾਕਤਵਰ ਹੁੰਦੇ ਹਨ।ਪਰ ਇੱਥੇ ਤਾਂ ਮਿੱਥ ਤੇ ਤੱਥ ਦੋਵੇਂ ਹੀ ਮਿਲ ਰਹੇ ਹਨ। ਇਹ ਗੀਤ ਉਨ੍ਹਾਂ ਸਭ ਲੋਕਾਂ ਦਾ ਡਰ ਦੂਰ ਕਰਦਾ ਹੈ ਜੋ ਜਾਗਣ ਤੋਂ ਡਰਦੇ ਹਨ।ਇਹ ਗੀਤ ਬੁੱਧੀਜੀਵੀਆਂ ਨੂੰ ਸਟੇਟ ਦੀ ਮਿੱਠੀ ਕੈਦ ਤੋਂ ਆਜ਼ਾਦ ਕਰਦਾ ਹੈ। ਇਹ ਗੀਤ ਨਵੀਆਂ ਸੰਭਾਵਨਾਵਾਂ ਲੈ ਕੇ ਆਇਆ ਹੈ। ਇਹ ਗੀਤ ਕਈਆਂ ਲਈ ਵੰਗਾਰ ਹੈ ਅਤੇ ਉਸ ਬਿਰਤਾਂਤ ਨੂੰ ਕੇਂਦਰ ਵਿੱਚ ਲਿਆਉਂਦਾ ਹੈ ਜੋ ਭੁੱਲ ਗਿਆ ਸੀ,ਜੋ ਸਾਡੇ ਚੇਤਿਆਂ ਵਿਚੋਂ ਵਿਸਰਦਾ ਜਾ ਰਿਹਾ ਹੈ, ਖੁਰਦਾ ਜਾ ਰਿਹਾ ਹੈ।

0 views