top of page
  • Writer's pictureShamsher singh

ਵਿਵੇਕਾਨੰਦ :ਫਾਸ਼ਿਵਾਦ ਹਿੰਦੂਵਾਦ ਦਾ ਜਨਮਦਾਤਾ

ਵਿਵੇਕਾਨੰਦ ਭਾਰਤੀ ਪੁਨਰ ਜਾਗਰਣ ਦਾ ਉਹ ਨਾਮ ਹੈ ਜਿਸਨੇ ਸ਼ਿਕਾਗੋ ਸੰਮੇਲਨ ਤੋਂ ਬਾਅਦ ਵਿਸ਼ਵ ਭਰ ਵਿਚ ਧਰਮ ਦੀ ਇਕ ਨਵੀਂ ਵਿਆਖਿਆ ਨੂੰ ਸਾਡੇ ਸਾਹਮਣੇ ਲਿਆਂਦਾ, ਹਾਲਾਂਕਿ ਇਸ ਵਿਆਖਿਆ ਵਿਚ ਨਵਾਂ ਕੁਝ ਵੀ ਨਹੀਂ ਸੀ, ਪਰ ਅਕਸਰ ਇਹ ਨਵੀਂ ਵਿਆਖਿਆ ਦੇ ਨਾਮ ਨਾਲ ਹੀ ਜਾਣੀ ਜਾਂਦੀ ਹੈ, ਇਸ ਲਈ ਆਪਾਂ ਇਹ ਸ਼ਬਦ ਉਸ ਘਟਨਾ ਨੂੰ ਸਰਲਤਾ ਸਹਿਤ ਸਮਝਣ ਹਿਤ ਹੀ ਇਸਤੇਮਾਲ ਕੀਤਾ ਹੈ.

ਵਿਵੇਕਾਨੰਦ ਚਾਹੁੰਦੇ ਸੀ ਕਿ ਧਰਮ ਦੇ ਨਾਮ ਤੇ ਜੋ ਕੁਝ ਵੀ ਮਨੁੱਖੀ ਸਮਾਜ ਵਿਚ ਪ੍ਰਚਲਿਤ ਹੋ ਗਿਆ ਹੈ, ਉਸ ਨੂੰ ਪੂਰੀ ਤਰ੍ਹਾਂ ਸਾਫ ਕਰਕੇ ਇਸ ਦੇ ਮੌਲਿਕ ਸਰੂਪ ਨੂੰ ਹੀ ਕੇਂਦਰ ਵਿਚ ਰੱਖਿਆ ਜਾਏ, ਪਰ ਉਨ੍ਹਾਂ ਦਾ ਇਹ ਮਕਸਦ ਉਸ ਵੇਲੇ ਆਪਣੇ ਸਰਬੋਤਮ ਵੀਕ੍ਰਿਤ ਸਰੂਪ ਨੂੰ ਪ੍ਰਾਪਤ ਹੋ ਗਿਆ ਜਦੋਂ ਇਸ ਦੇ ਨਾਲ ਹਿੰਦੂਤਵ ਦੀ ਧਾਰਨਾ ਜੁੜ ਗਈ ਤੇ ਇਹ ਫਾਸ਼ੀਵਾਦੀ ਹਿੰਦੂਤਵ ਦਾ ਇਕ ਪ੍ਰਮੁੱਖ ਅੰਗ ਬਣ ਗਿਆ. ਜਿਸ ਦੇ ਨਤੀਜੇ ਵਜੋਂ ਸਾਡੇ ਸਾਹਮਣੇ ਭਾਰਤੀ ਰਾਜਨੀਤੀ ਦਾ ਉਹ ਸਰੂਪ ਉਘੜਿਆ, ਜਿਸ ਅੰਦਰ ਕਿਸੇ ਦੂਜੇ ਵਿਚਾਰ ਦੀ ਕੋਈ ਥਾਂ ਨਹੀਂ ਹੈ .


ਅਜਿਹਾ ਕਿਉਂ ਤੇ ਕਿਵੇਂ ਵਾਪਰਿਆ ਉਸ ਨੂੰ ਸਮਝਣ ਲਈ ਸਾਡੇ ਕੋਲ ਦੋ ਪ੍ਰਮੁੱਖ ਸੰਸਥਾਵਾਂ ਹਨ- ਵਿਵੇਕਾਨੰਦ ਕੇਂਦਰ (ਕੰਨਿਆ ਕੁਮਾਰੀ ਅਤੇ ਵਿਵੇਕਾਨੰਦ ਫਾਊਂਡੇਸ਼ਨ (ਨਵੀਂ ਦਿੱਲੀ)

ਓਪਰੀ ਨਜ਼ਰੇ ਬੇਸ਼ੱਕ ਦੋਵਾਂ ਸੰਸਥਾਵਾਂ ਦਾ ਸੰਬੰਧ ਵਿਵੇਕਾਨੰਦ ਨਾਲ ਜੁੜਦਾ ਦਿਖਾਈ ਦਿੰਦਾ ਹੈ, ਪਰ ਵਾਸਤਵ ਵਿਚ ਇਹ ਵਿਵੇਕਾਨੰਦ ਤੋਂ ਓਨੀਆਂ ਹੀ ਦੂਰ ਹਨ, ਜਿਨ੍ਹਾਂ ਹਿੰਦੂਤਵ ਤੋਂ ਹਿੰਦੂ. ਦਰਅਸਲ ਇਹ ਦੋਵੇਂ ਸੰਸਥਾਵਾਂ ਮੂਲ ਰੂਪ ਵਿਚ ਇਕ ਹੀ ਪ੍ਰਬੰਧ ਨੂੰ ਲੈ ਕੇ ਚੱਲ ਰਹੀਆਂ ਹਨ, ਪਰ ਵਿਵੇਕਾਨੰਦ ਫਾਊਂਡੇਸ਼ਨ ਨੇ ਪਿਛਲੇ ਕਰੀਬ ਇਕ ਦਹਾਕੇ ਤੋਂ ਜਿਸ ਤਰ੍ਹਾਂ ਆਪਣੀ ਪਛਾਣ ਕਾਇਮ ਕੀਤੀ ਹੈ, ਉਸ ਦੇ ਮੁਕਾਬਲੇ ਵਿਵੇਕਾਨੰਦ ਕੇਂਦਰ ਥੋੜ੍ਹਾ ਮੱਧਮ ਪੈ ਚੁੱਕਾ ਦਿਖਾਈ ਦਿੰਦਾ ਹੈ.


ਸਾਲ 2014 ਵਿਚ ਜਦੋਂ ਭਾਰਤੀ ਆਮ ਚੋਣਾਂ ਹੋਣ ਜਾ ਰਹੀਆਂ ਸਨ, ਉਸ ਵਕਤ ਇਨ੍ਹਾਂ ਚੋਣਾਂ ਨੂੰ ਇਕ ਖ਼ਾਸ ਧਿਰ ਦੇ ਪੱਖ ਵਿਚ ਕਰਨ ਹਿਤ ਵਿਵੇਕਾਨੰਦ ਫਾਊਂਡੇਸ਼ਨ ਨੇ ਜੋ ਵੱਡੇ ਕਾਰਜ ਕੀਤੇ ਉਨ੍ਹਾਂ ਵਿਚੋਂ ਇਕ ਅੰਨਾ ਹਜ਼ਾਰੇ ਦਾ ਕਥਿਤ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਸੀ. ਕਿਓਂਕਿ ਅੰਨਾ ਹਜ਼ਾਰੇ, ਕਿਰਨ ਬੇਦੀ ਅਤੇ ਕੇਜਰੀਵਾਲ ਮੂਲ ਰੂਪ ਵਿਚ ਵਿਵੇਕਾਨੰਦ ਫਾਊਂਡੇਸ਼ਨ ਦੀ ਪੈਦਾਇਸ਼ ਸਨ, ਇਸ ਲਈ ਇਨ੍ਹਾਂ ਦੀ ਮਦਦ ਨਾਲ ਨਰਿੰਦਰ ਮੋਦੀ ਨੂੰ ਗੁਜਰਾਤ ਤੋਂ ਦਿੱਲੀ ਲਿਆਉਣ ਦਾ ਸਾਰਾ ਦਾਰੋਮਦਾਰ ਵਿਵੇਕਾਨੰਦ ਫਾਊਂਡੇਸ਼ਨ ਜਿੰਮੇ ਸੀ. ਇਸ ਨੇ ਹੀ ਮੋਦੀ ਦੇ ਗੁਜਰਾਤ ਤੋਂ ਦਿੱਲੀ ਆਉਣ ਦੇ ਸਫਰ ਦੀ ਸਮੁੱਚੀ ਰੂਪ ਰੇਖਾ ਸਿਰਜੀ ਅਤੇ ਇਸ ਸਾਰੀ ਕਾਰਵਾਈ ਨੂੰ ਫਾਊਂਡੇਸ਼ਨ ਦੇ ਪ੍ਰਮੁੱਖ ਅਜਿਤ ਡੋਵਾਲ ਦੀ ਦੇਖ ਰੇਖ ਹੇਠ ਨੇਪਰੇ ਚਾੜਿਆ ਗਿਆ.


ਵਿਵੇਕਾਨੰਦ ਫਾਊਂਡੇਸ਼ਨ ਦੀ ਭਾਰਤੀ ਸਰਕਾਰ ਅੰਦਰ ਕੀ ਭੂਮਿਕਾ ਹੈ ਉਸ ਦਾ ਅੰਦਾਜਾ ਮਹਿਜ਼ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਵਕਤ ਟਰਾਈ ਦੇ ਸਾਬਕਾ ਚੇਅਰਮੈਨ ਨ੍ਰਿਪਇੰਦਰ ਮਿਸ਼ਰਾ ਨੂੰ ਨਰਿੰਦਰ ਮੋਦੀ ਦਾ ਪ੍ਰਮੁੱਖ ਸਕੱਤਰ ਬਣਾਇਆ ਜਾਣਾ ਸੀ, ਉਸ ਵਕਤ ਕਾਨੂੰਨੀ ਰੂਪ ਵਿਚ ਅਜਿਹਾ ਹੋਣਾ ਸੰਭਵ ਨਹੀਂ ਸੀ ਹੋ ਰਿਹਾ ਕਿਉਂ ਕਿ ਭਾਰਤੀ ਕਾਨੂੰਨ ਅਨੁਸਾਰ ਟਰਾਈ ਦਾ ਸਾਬਕਾ ਮੁੱਖੀ ਅਜਿਹੇ ਕਿਸੇ ਵੀ ਅਹੁਦੇ ਨੂੰ ਹਾਸਲ ਨਹੀਂ ਕਰ ਸਕਦਾ ਸੀ, ਪਰ ਮੋਦੀ ਦੁਆਰਾ ਨਾ ਸਿਰਫ਼ ਮਿਸ਼ਰਾ ਦੀ ਨਿਯੁਕਤੀ ਲਈ ਅਧਿਆਦੇਸ਼ ਹੀ ਲਿਆਂਦਾ ਗਿਆ, ਬਲਕਿ ਉਸ ਪੂਰੇ ਕਾਨੂੰਨ ਨੂੰ ਹੀ ਬਦਲ ਦਿੱਤਾ ਗਿਆ. ਇਸ ਦਾ ਇਕ ਵੱਡਾ ਕਾਰਨ ਇਹ ਸੀ ਕਿ ਮਿਸ਼ਰਾ ਵਿਵੇਕਾਨੰਦ ਫਾਊਂਡੇਸ਼ਨ ਦਾ ਅਹਿਮ ਹਿੱਸਾ ਸੀ. ਇਹੀ ਨਹੀਂ ਫਾਊਂਡੇਸ਼ਨ ਵਲੋਂ ਹੀ ਮੋਦੀ ਦੇ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਦਰਜਨਾਂ ਹੋਰ ਵੱਡੇ ਅਧਿਕਾਰੀ ਨਿਯੁਕਤ ਕਰਵਾਏ ਗਏ.


ਵਿਵੇਕਾਨੰਦ ਦੇ ਨਾਮ ਰਾਹੀਂ ਆਪਣੀਆਂ ਹਿੰਦੂਤਵੀ ਨੀਤੀਆਂ ਦੇ ਸਾਫ਼ਟ ਨਿਯਮਾਂ ਨੂੰ ਸਾਹਮਣੇ ਲਿਆਉਣ ਵਾਲੀ ਇਸ ਫਾਊਂਡੇਸ਼ਨ ਵਿਚ ਭਾਰਤੀ ਦੀਆਂ ਸਮੂਹ ਖ਼ੁਫ਼ੀਆਂ ਏਜੰਸੀਆਂ, ਸੈਨਾਵਾਂ, ਨੌਕਰਸ਼ਾਹੀ, ਆਈਆਈਟੀਜ਼, ਰਾਜਨੀਤੀ ਦੇ ਸਭ ਤੋਂ ਵੱਧ ਮਹੱਤਵਪੂਰਨ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਵੇਖ ਕੇ ਅਕਸਰ ਅਜਿਹਾ ਸਮਝਿਆ ਜਾਂਦਾ ਹੈ ਕਿ ਇਹ ਫਾਊਂਡੇਸ਼ਨ ਮੂਲ ਰੂਪ ਵਿਚ ਵਿਵੇਕਾਨੰਦ ਕੇਂਦਰ ਤੋਂ ਵੱਖਰੀ ਹੈ, ਪਰ ਮੂਲ ਰੂਪ ਵਿਚ ਇਹ ਦੋਵੇਂ ਸਮਾਨੰਤਰ ਹਨ, ਕਿਉਂਕਿ ਫਾਊਂਡੇਸ਼ਨ ਦੇ ਮੋਢੀ ਅਜੀਤ ਡੋਵਾਲ ਦਾ ਸਿੱਧਾ ਸਬੰਧ ਸੰਘ ਪਰਿਵਾਰ ਨਾਲ ਸਬੰਧਿਤ ਵਿਵੇਕਾਨੰਦ ਕੇਂਦਰ ਨਾਲ ਹੈ.


ਅੱਜ ਜਦੋਂ ਅਸੀਂ ਲੋਕਤੰਤਰ ਸਮਾਜ ਵਿਚ ਰਹਿਣ, ਉਸ ਮੁਤਾਬਕ ਚੱਲਣ ਦਾ ਪ੍ਰਪੰਚ ਵੇਖਦੇ ਹਾਂ, ਅਕਸਰ ਇਹ ਗੱਲ ਭੁੱਲ ਜਾਂਦੇ ਹਾਂ ਕਿ ਸੰਘ ਪਰਿਵਾਰ ਦੀ ਰਾਜਨੀਤਕ ਇੱਛਾ ਨੂੰ ਪੂਰਾ ਕਰਨ ਹਿਤ ਦੇਸ਼ ਦੇ ਸਰਬੋਤਮ ਦਿਮਾਗਾਂ ਦਾ ਇਸਤੇਮਾਲ ਕਿਸ ਪੱਧਰ ਤੱਕ ਕੀਤਾ ਜਾਂਦਾ ਹੈ ਤੇ ਇਸ ਲਈ ਕਿਹੜੇ ਤਰੀਕੇ ਵਰਤੇ ਜਾ ਰਹੇ ਹਨ.


ਇਸ ਗੱਲ ਨੂੰ ਸਮਝਣ ਲਈ ਸਾਡੇ ਲਈ ਸਿਰਫ਼ ਏਨਾ ਸਮਝਣਾ ਹੀ ਜਰੂਰੀ ਹੈ ਕਿ ਸੰਘ ਪਰਿਵਾਰ ਦੇ ਮੂਲ ਏਜੰਡੇ ਦੇ ਵਿਰੋਧ ਵਿਚ ਖੜਨ ਵਾਲੇ ਵਿਵੇਕਾਨੰਦ ਦੇ ਨਾਮ ਨੂੰ ਸੰਘ ਕਿਵੇਂ ਤੇ ਕਿਉਂ ਇਸਤੇਮਾਲ ਕਰ ਰਿਹਾ ਹੈ?

-ਪਰਮਿੰੰਦਰ ਸਿੰਘ ਸ਼ੌਂਕੀ (ਸ਼ਮਸ਼ੇਰ ਸਿੰਘ ਸੰਪਾਦਕ)

5 views

Comments


bottom of page