top of page
  • Writer's pictureShamsher singh

ਯੂਕਰੇਨ ਮਿਹਰਬਾਨੀਆਂ ਤੋਂ ਮੁਖ਼ਾਲਫ਼ਤ ਤੱਕ……..

ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿਚ ਰਸ਼ੀਅਨ ਆਰਮੀ ਭੇਜਣ ਤੋਂ ਪਹਿਲਾਂ ਆਪਣੇ ਸੰਦੇਸ਼ ਵਿਚ ਕਿਹਾ ਸੀ ਕਿ


“ਯੂਕਰੇਨ ਦਾ ਇਤਿਹਾਸ ਦੁਬਾਰਾ ਲਿਖਿਆ ਜਾਏਗਾ”


ਇਸ ਵਾਕ ਦਾ ਅਰਥ ਸਮਝਣ ਲਈ ਸਾਨੂੰ ਪਹਿਲਾਂ ਲਿਖੇ ਗਏ ਇਤਿਹਾਸ ਦੀਆਂ ਪਰਤਾਂ ਫੋਲਣੀਆਂ ਪੈਣਗੀਆਂ। ਨਾਈਪਰ ਦਰਿਆ ਦੇ ਦੋਵੇਂ ਪਾਸੇ ਵੱਸੇ ਯੂਕਰੇਨ ਦਾ ਜੋ ਨਕਸ਼ਾ ਤੁਸੀਂ ਵਰਤਮਾਨ ਵਿਚ ਦੇਖ ਰਹੇ ਹੋ, ਇਸ ਵਿਚ ਅਸਲ ਯੂਕਰੇਨ ਸੰਨ੍ਹ 1654 ਤੱਕ (ਪੀਲ਼ੇ ਰੰਗ) ਵਿਚ ਸਿਰਫ 2 ਕੁ ਖੇਤਰਾਂ ਤੱਕ ਹੀ ਸੀਮਤ ਸੀ। ਉਸ ਤੋਂ ਬਾਅਦ ਸੰਨ੍ਹ 1917 ਤੱਕ ਰੂਸੀ ਜ਼ਾਰ ਸਾਮਰਾਜ ਦੀ ਅਧੀਨਗੀ ਵਿਚ (ਹਰੇ ਰੰਗ) ਵਾਲਾ ਖੇਤਰ ਯੂਕਰੇਨ ਵਿਚ ਰੂਸ ਵੱਲੋਂ ਹੀ ਜੋੜਿਆ ਗਿਆ ਸੀ। ਇਸ ਖੇਤਰ ਵਿਚ ਹੀ ਯੂਕਰੇਨ ਦੀ ਰਾਜਧਾਨੀ Kyiv ਅਤੇ ਦੂਸਰਾ ਵੱਡਾ ਸ਼ਹਿਰ Kharkiv ਪੈਦੇ ਹਨ।


ਰੂਸੀ ਇਨਕਲਾਬ ਤੋਂ ਬਾਅਦ ਜਦੋਂ ਯੂਕਰੇਨ ਸੋਵੀਅਤ ਸੰਘ ਦਾ ਗਣਰਾਜ ਬਣਿਆ ਤਾਂ ਕਾਮਰੇਡ ਲੈਨਿਨ ਨੇ (ਗੁਲਾਬੀ ਰੰਗ) ਵਾਲਾ ਰੂਸੀ ਬਹੁਗਿਣਤੀ ਵਾਲਾ ਇਲਾਕਾ Donbas, ਇਸ ਦੇ ਨਾਲ ਲੱਗਦੇ ਕਈ ਹੋਰ Oblasts ਅਤੇ ਮੌਜੂਦਾ ਦੇਸ਼ ਮੋਲਡੋਵਾ ਨਾਲ ਲੱਗਦਾ Odessa ਦਾ ਮਹੱਤਵਪੂਰਨ ਖੇਤਰ ਵੀ ਯੂਕਰੇਨ ਵਿਚ ਜੋੜ ਦਿੱਤਾ। ਇਹ ਇਤਿਹਾਸਕ ਤੌਰ ਤੇ ਰੂਸ ਦਾ ਹੀ ਹਿੱਸਾ ਸੀ। ਇੱਥੋਂ ਦੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਯੂਕਰੇਨੀਆ ਦੀ ਬਜਾਏ ਰੂਸੀ ਕੌਮ ਨਾਲ ਜੁੜੀ ਹੋਈ ਸੀ।


ਜਦੋਂ ਦੂਜੀ ਵਿਸ਼ਵ ਜੰਗ ਹੋਈ ਤਾਂ ਯੂਕਰੇਨ ਤਕਰੀਬਨ 3 ਸਾਲ ਨਾਜ਼ੀਆਂ ਦੇ ਕਬਜ਼ੇ ਵਿੱਚ ਰਿਹਾ। ਇਸ ਤਸ਼ੱਦਦ ਭਰੇ ਦੌਰ ਵਿਚ 5 ਮਿਲੀਅਨ ਦੇ ਕਰੀਬ ਯੂਕਰੇਨੀਆਂ ਨੂੰ ਮਾਰ ਮੁਕਾ ਦਿੱਤਾ ਗਿਆ। ਪਰ ਅੰਤ ਵਿਚ ਸੋਵੀਅਤ ਸੈਨਾ ਨੇ ਹਿਟਲਰ ਦੀਆਂ ਫ਼ੌਜਾਂ ਨੂੰ ਲਗਾਤਾਰ ਹਾਰਾਂ ਦਿੰਦੇ ਹੋਏ ਬਰਲਿਨ ਤੇ ਲਾਲ ਝੰਡਾ ਝੁਲਾ ਦਿੱਤਾ। ਇਸ ਜੰਗ ਦੌਰਾਨ ਹੀ ਕਾਮਰੇਡ ਸਟਾਲਿਨ ਦੀ ਮਿਹਰਬਾਨੀ ਨਾਲ ਯੂਕਰੇਨ ਨੂੰ ਪੋਲੈਂਡ ਦੇ ਕਬਜ਼ੇ ਵਿੱਚੋਂ (ਮੂੰਗੀਆਂ ਰੰਗ) ਵਾਲਾ ਹਿੱਸਾ ਹੋਰ ਮਿਲ ਗਿਆ। ਫਿਰ ਕਾਮਰੇਡ ਨਿਕਿਤਾ ਖਰੁਸ਼ਚੇਵ ਨੇ ਯੂਕਰੇਨ ਤੇ ਮਿਹਰਬਾਨੀ ਕਰਦਿਆਂ ਸੰਨ੍ਹ 1954 ਵਿਚ (ਸਲੇਟੀ ਰੰਗ) ਵਾਲਾ ਕਰੀਮੀਆ ਦਾ ਮਹੱਤਵਪੂਰਨ ਖੇਤਰ ਵੀ ਪ੍ਰਬੰਧ ਕਰਨ ਲਈ ਉਸ ਨੂੰ ਸੌਂਪ ਦਿੱਤਾ। ਇਸ ਜੰਗ ਨੂੰ ਪੱਛਮੀ ਮੀਡੀਆ ਤੇ ਟੇਕ ਰੱਖਣ ਵਾਲੇ, ਸ਼ੋਸਲ ਮੀਡੀਆ ਹਿਸਟੋਰੀਅਨ ਅਤੇ ਅੱਧੀ ਅਧੂਰੀ ਸਮਝ ਰੱਖਣ ਵਾਲੇ ਲੋਕ ਨਹੀਂ ਸਮਝ ਸਕਦੇ।


ਸੰਨ੍ਹ 1991 ਵਿਚ ਜਦੋਂ ਪੱਛਮ ਦੀਆਂ ਆਰਥਿਕ/ਕੂਟਨੀਤਕ ਅਤੇ ਸਮਾਜਵਾਦ ਵਿਰੋਧੀ ਚਾਲਾਂ ਨਾਲ ਅਤੇ ਗ਼ੱਦਾਰ ਗੋਰਬਾਚੋਵ ਦੀ ਨਿਕੰਮੀ ਅਗਵਾਈ ਵਿਚ ਜਦੋਂ ਸੋਵੀਅਤ ਸੰਘ ਬਿਖ਼ਰਿਆ ਤਾਂ ਯੂਕਰੇਨ ਨੂੰ ਉਹ ਸਾਰੇ ਇਲਾਕੇ ਮਿਲ ਗਏ ਜੋ ਉਸਦਾ ਕਦੀ ਵੀ ਭੂਗੋਲਿਕ ਜਾਂ ਸੱਭਿਆਚਾਰਿਕ ਹਿੱਸਾ ਨਹੀਂ ਰਹੇ ਸਨ। ਉਸ ਵੇਲੇ ਯੂਕਰੇਨ ਦਾ ਤਕਰੀਬਨ ਚੌਥਾ ਹਿੱਸਾ ਰੂਸੀ ਪਹਿਚਾਣ ਵਾਲਾ ਸੀ। ਯੂਕਰੇਨ ਦੀ ਆਜ਼ਾਦੀ ਤੋਂ ਬਾਅਦ ਉੱਥੇ ਰੂਸੀਆਂ ਤੇ ਸਰਕਾਰ ਦਾ ਦਬਾਅ/ਤਸ਼ਦੱਦ ਅਤੇ ਨਜ਼ਰ ਅੰਦਾਜ਼ਗੀ ਵੱਧਦੀ ਗਈ।


ਅੱਜ ਉਹ ਹੀ ਰੂਸੀ ਭਾਈਚਾਰਾ ਯੂਕਰੇਨ ਵਿਚ ਸਿਰਫ਼ 16 % ਰਹਿ ਗਿਆ ਹੈ। ਅਮਰੀਕਾ ਦੀ ਫੂਕ ਵਿਚ ਆਏ ਗੋਰਬਾਚੇਵ ਨੇ ਉਦੋਂ ਉਹਨਾਂ ਰੂਸੀਆਂ ਲਈ ਕੀ ਕਰਨਾ ਸੀ ? ਸ਼ਰਾਬੀ ਯੇਲਸਤਿਨ ਨੇ ਵੀ ਰੂਸ ਦੇ ਆਤਮ ਸਨਮਾਨ ਦੀ ਬਹਾਲੀ ਲਈ ਕੁੱਝ ਨਾ ਕੀਤਾ। ਪਰ ਵਲਾਦੀਮੀਰ ਪੂਤਿਨ ਨੇ ਸੱਤਾ ਵਿਚ ਆਉਂਦਿਆਂ ਹੀ ਦੇਸ਼ ਦੀ ਕਾਇਆ ਕਲਪ ਬਦਲ ਕੇ ਰੱਖ ਦਿੱਤੀ, ਡਰੱਗ ਮਾਫ਼ੀਆ ਤੇ ਨਕੇਲ ਕੱਸੀ ਗਈ। ਰਿਸ਼ਵਤਖ਼ੋਰੀ ਨੂੰ ਰੋਕਿਆ ਗਿਆ। ਕਾਰਪੋਰੇਟਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਨੂੰ ਤਰਜੀਹ ਦਿੱਤੀ ਗਈ। ਉਸ ਨੇ ਤੇਲ ਅਤੇ ਗੈਸ ਉਤਪਾਦਨ ਦਾ ਕੌਮੀਕਰਨ ਕਰਕੇ ਰੂਸ ਨੂੰ ਆਰਥਿਕ ਤੌਰ ਤੇ ਫਿਰ ਮਹਾਂਸ਼ਕਤੀ ਬਣਾ ਦਿੱਤਾ, ਸੈਨਿਕ ਮਹਾਂਸ਼ਕਤੀ ਤਾਂ ਉਹ ਪਹਿਲਾਂ ਹੀ ਸੀ। ਰੂਸ ਦੀ ਪੁਨਰ ਚੜ੍ਹਤ ਅਮਰੀਕਾ ਤੇ ਉਹਦੇ ਜੋਟੀਦਾਰ ਕਿਵੇਂ ਜਰ ਸਕਦੇ ਸੀ ? ਨਾਟੋ ਦੇ ਰੂਪ ਵਿਚ ਅਮਰੀਕਾ ਵੱਲੋਂ ਰੂਸ ਦੇ ਦੁਆਲੇ ਚੱਕਰਵਿਊ ਰਚਣਾ ਜਾਰੀ ਰਿਹਾ।


ਅਮਰੀਕਾ ਵੱਲੋਂ 1991 ਤੋਂ ਬਾਅਦ ਹੌਲੀ ਹੌਲੀ 16 ਦੇਸ਼ ਨਾਟੋ ਦੇ ਮੈਂਬਰ ਬਣਾ ਲਏ ਗਏ, ਜਦ ਕਿ ਵਾਅਦਾ ਇਹ ਕੀਤਾ ਗਿਆ ਸੀ ਕਿ ਯੂਰਪ ਦਾ ਕੋਈ ਵੀ ਹੋਰ ਦੇਸ਼ ਨਾਟੋ ਵਿਚ ਨਹੀਂ ਸ਼ਾਮਿਲ ਕੀਤਾ ਜਾਏਗਾ। ਆਖ਼ਰ ਜਦੋਂ ਯੂਕਰੇਨ ਨੂੰ ਵੀ ਅਮਰੀਕਾ ਨੇ ਆਪਣਾ ਅੱਡਾ ਬਣਾਉਣ ਦੀ ਗੱਲ ਤੋਰੀ ਤਾਂ ਪੂਤਿਨ ਲਈ ਯੂਕਰੇਨ ਵਿੱਚ ਸੈਨਿਕ ਕਾਰਵਾਈ ਤੋਂ ਸਿਵਾਏ ਕੋਈ ਰਾਹ ਨਹੀਂ ਸੀ। ਯੂਕਰੇਨ ਵਿਚ ਰੂਸ ਨੂੰ ਸੈਨਿਕ ਕਾਰਵਾਈ ਕਰਨ ਲਈ ਅਮਰੀਕਾ ਅਤੇ ਉਸਦੇ ਭਾਈਵਾਲ਼ ਦੇਸ਼ਾਂ ਨੇ ਮਜਬੂਰ ਕੀਤਾ ਹੈ। ਇਸ ਜੰਗ ਵਿਚ ਨਾਟੋ ਦੇ ਨਜਾਇਜ਼ ਪੁੱਤਰ ਜ਼ੇਲੰਸਕੀ ਦੀ ਜ਼ਿੱਦ ਨੇ ਯੂਕਰੇਨ ਦੀ ਬਰਬਾਦੀ ਦੀ ਇਬਾਰਤ ਲਿਖ ਦਿੱਤੀ ਹੈ। ਅਗਰ ਯੂਕਰੇਨ ਦਾ ਇਤਿਹਾਸ ਦੁਬਾਰਾ ਲਿਖਿਆ ਗਿਆ ਤਾਂ ਉਸ ਖ਼ਿੱਤੇ ਵਿਚ ਹੋਰ ਵੀ ਤਬਦੀਲੀਆਂ ਵਾਪਰਨਗੀਆਂ !

—ਸਰਬਜੀਤ ਸੋਹੀ, (ਆਸਟਰੇਲੀਆ)

21 views

Comments


bottom of page