ਭਗਤ ਜੀ ਦੁਆਰਾ ਮਲੋਟ ਇਲਾਕੇ ਦੇ ਬੰਦਿਆਂ ਤੇ ਖ਼ਾਸ ਤੌਰ ’ਤੇ ਵਿਦਿਆਰਥੀਆਂ ਨੂੰ ਹੇਠ ਲਿਖੀਆਂ ਗੱਲਾਂ ’ਤੇ ਖ਼ਾਸ ਤੌਰ ’ਤੇ ਜ਼ੋਰ ਦਿੱਤਾ ਕਿ ਪਹਾੜਾਂ ਵਿੱਚ ਰੁੱਖਾਂ ਨਾਲ ਧਰਤੀ ਦਾ ਸੌ ਹਿੱਸੇ ਵਿੱਚੋਂ 66 ਹਿੱਸੇ ਰਕਬਾ ਕੱਜਿਆ ਹੋਣਾ ਚਾਹੀਦਾ ਹੈ ।
ਭਾਰਤ ਦੇ ਪਹਾੜਾਂ ਵਿੱਚ ਇਹ ਰਕਬਾ ਬਹੁਤ ਥੋੜ੍ਹਾ ਹੈ; ਇਸ ਲਈ ਲੋੜੀਂਦੀ ਗਿਣਤੀ ਅਨੁਸਾਰ ਪਹਾੜਾਂ ਉੱਤੇ ਰੁੱਖਾਂ ਦੇ ਨਾ ਹੋਣ ਕਾਰਨ ਪਹਾੜਾਂ ਦੀ ਮਿੱਟੀ ਖੁਰ-ਖੁਰ ਕੇ ਹੇਠਾਂ ਨੂੰ ਆ ਰਹੀ ਹੈ, ਜਿਸ ਨਾਲ ਭਾਖੜਾ ਡੈਮ ਵਰਗੇ ਪਾਣੀ ਦੇ ਜ਼ਖੀਰੇ ਬਹੁਤ ਛੇਤੀ ਗਾਰ ਨਾਲ ਭਰ ਰਹੇ ਹਨ । ਮੈਦਾਨਾਂ ਵਿੱਚ ਦਰਿਆਵਾਂ ਦਾ ਪਾਟ ਉੱਚਾ ਹੋਣ ਨਾਲ ਮੈਦਾਨਾਂ ਵਿੱਚ ਹੜ੍ਹ ਆ ਰਹੇ ਹਨ ਜਿਨ੍ਹਾਂ ਨਾਲ ਜਨਤਾ ਦੇ ਮਾਲ ਤੇ ਜਾਨ ਦੀ ਹਰ ਸਾਲ ਭਾਰੀ ਤਬਾਹੀ ਹੁੰਦੀ ਰਹਿੰਦੀ ਹੈ।
ਮੈਦਾਨਾਂ ਵਿੱਚ ਰੁੱਖਾਂ ਨਾਲ ਧਰਤੀ ਦਾ 100 ਹਿੱਸੇ ਵਿੱਚੋਂ 20 ਹਿੱਸੇ
ਰਕਬਾ ਕੱਜਿਆ ਹੋਣਾ ਚਾਹੀਦਾ ਹੈ;
ਪਰ ਪੰਜਾਬ ਵਿੱਚ 100 ਵਿੱਚੋਂ ਕੇਵਲ ਚਾਰ ਹਿੱਸੇ ਰਕਬਾ ਹੀ ਰੁੱਖਾਂ ਨਾਲ ਕੱਜਿਆ ਹੋਇਆ ਹੈ । ਤੁਹਾਡੇ ਬਠਿੰਡੇ ਦੇ ਇਲਾਕੇ ਵਿੱਚ ਇਹ ਰਕਬਾ ਸੌ ਹਿੱਸੇ ਵਿੱਚੋਂ ਇਕ ਹਿੱਸਾ ਕੱਜਿਆ ਹੋਇਆ ਹੈ। ਧਰਤੀ ਦੇ ਜਿਸ ਉਤਲੇ ਹਿੱਸੇ ਵਿੱਚ ਅੰਨ ਪੈਦਾ ਹੁੰਦਾ ਹੈ ਉਹ ਕੇਵਲ 8-10 ਇੰਚ ਹੀ ਬਾਰੀਕ ਮਿੱਟੀ ਹੁੰਦੀ ਹੈ ਤੇ ਉਹ ਬਾਰੀਕ ਮਿੱਟੀ ਲੱਖਾਂ ਸਾਲਾਂ ਵਿੱਚ ਪੱਥਰਾਂ ਤੋਂ ਬਣੀ ਹੁੰਦੀ ਹੈ, ਜਿਸ ਵਿੱਚ ਅਨੇਕ ਜੀਵ-ਜੰਤੂ ਹੁੰਦੇ ਹਨ ਜੋ ਫਸਲਾਂ ਨੂੰ ਲਾਈ ਅੱਗ ਕਾਰਣ ਲਗਾਤਾਰ ਖਤਮ ਹੋ ਰਹੇ ਹਨ ।
ਜੇ ਮੈਦਾਨਾਂ ਵਿੱਚ ਧਰਤੀ ਦਾ 100 ਹਿੱਸੇ ਵਿੱਚੋਂ 21 ਪ੍ਰਤੀਸ਼ਤ ਹਿੱਸਾ ਰੁੱਖਾਂ ਨਾਲ ਕੱਜਿਆ ਨਾ ਹੋਵੇ ਤਾਂ ਉਸ ਦੀ 8-10 ਇੰਚ ਬਾਰੀਕ ਮਿੱਟੀ ਨੂੰ ਹਨੇਰੀਆਂ ਉਡਾ ਕੇ ਹਜ਼ਾਰਾਂ ਮੀਲਾਂ ਦੀ ਦੂਰੀ ’ਤੇ ਲੈ ਜਾ ਕੇ ਸੁੱਟ ਦਿੱਤਾ ਕਰਦੀਆਂ ਹਨ ਤੇ ਉਸ ਬਾਰੀਕ ਮਿੱਟੀ ਦੇ ਉੱਡ ਜਾਣ ਪਿੱਛੋਂ ਮੋਟੀ ਮਿੱਟੀ ਰਹਿ ਜਾਇਆ ਕਰਦੀ ਹੈ ਜਿਸ ਵਿੱਚ ਕੁਝ ਵੀ ਪੈਦਾ ਨਹੀਂ ਹੋ ਸਕਿਆ ਕਰਦਾ । ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਮਾਂ ਬਾਪ ਨੂੰ ਇਸ ਖ਼ਤਰੇ ਤੋਂ ਜਾਣੂ ਕਰਾ ਦਿਓ ।
ਭਗਤ ਜੀ ਨੇ ਕਿਹਾ ਕਿ ਰੁੱਖਾਂ ਦਾ ਲਾਉਣਾ ਇਸ ਲਈ ਵੀ ਜ਼ਰੂਰੀ ਭਗਤ ਜੀ ਨੇ ਇਹ ਗੱਲ ਵੀ ਆਪਣੇ ਵਿਿਖਆਨਾਂ ਵਿੱਚ ਦੱਸੀ ਕਿ
ਰਾਜਸਥਾਨ ਦਾ ਰੇਤ ਦਾ ਮਾਰੂਥਲ ਲੱਖਾਂ ਸਾਲਾਂ ਤੋਂ ਆਪਣੀ ਇਕ ਥਾਂ ’ਤੇ ਟਿਿਕਆ ਹੋਇਆ ਸੀ ਪਰ ਹੁਣ ਉਹ 8 ਕਿਲੋਮੀਟਰ ਹਰ ਸਾਲ ਤੁਹਾਡੇ ਵੱਲ ਨੂੰ ਤੁਰਿਆ ਆ ਰਿਹਾ ਹੈ। ਇਸ ਤਰ੍ਹਾਂ ਸਾਡੀ ਉਪਜਾਊ ਧਰਤੀ ਰੇਤੇ ਨਾਲ ਕੱਜੀ ਜਾ ਰਹੀ ਹੈ। ਜਿਉਂ-ਜਿਉਂ ਉਹ ਮਾਰੂਥਲ ਅੱਗੇ ਵਧਦਾ ਆ ਰਿਹਾ ਹੈ ਤੇ ਜਿਸ ਜਿਸ ਧਰਤੀ ’ਤੇ ਫੈਲਦਾ ਆ ਰਿਹਾ ਹੈ ਉਹ ਅੰਨ ਪੈਦਾ ਕਰਨ ਜੋਗੀ ਨਹੀਂ ਰਹਿ ਜਾਂਦੀ ।
ਭਗਤ ਜੀ ਨੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ
ਵੱਧ ਤੋਂ ਵੱਧ ਰੁੱਖ ਲਾਉਣ । ਤੁਹਾਡੇ ਇਲਾਕੇ ਵੱਲ ਨੂੰ ਆ ਰਹੇ ਮਾਰੂਥਲ ਨੂੰ ਜੇਕਰ ਰੋਕਿਆ ਜਾ ਸਕਦਾ ਹੈ ਤਾਂ ਇਕੋ ਢੰਗ ਨਾਲ─ਉਹ ਢੰਗ ਹੈ ਅੱਧ ਮੀਲ ਚੌੜੀ ਰੁੱਖਾਂ ਦੀ ਵਾੜ ।
ਵਾੜ ਬਾਰੇ ਮੈਂ ਨਹੀਂ ਕਹਿ ਸਕਦਾ ਕਿ ਉਹ ਵਾੜ 50 ਮੀਲ ਦੀ ਹੋਵੇਗੀ ਜਾਂ 100 ਮੀਲ ਦੀ । ਲੁਧਿਆਣਾ ਦੇ ਕਸਬਾ ਦੋਰਾਹਾ ਦੇ ਲਾਗੇ ਇਕ ਪਿੰਡ ਵਿੱਚ ਅੱਜ ਤੋਂ ਚਾਰ ਕੁ ਸਾਲ ਪਹਿਲਾਂ ਰੁੱਖਾਂ ਦੀ ਘਾਟ ਦੇ ਕਾਰਨ ਇਕ ਹਨੇਰੀ ਆਈ ਸੀ । ਉਸ ਹਨੇਰੀ ਨਾਲ ਮਕਾਨਾਂ ਦੀਆਂ ਛੱਤਾਂ ਵੀ ਉੱਡ ਗਈਆਂ ਸਨ ਤੇ ਕੰਧਾਂ ਵੀ ਢਹਿ ਗਈਆਂ ਸਨ । ਉਸ ਹਨੇਰੀ ਨਾਲ ਉਸ ਪਿੰਡ ਦੇ ਕਈ ਬੰਦੇ ਮਰੇ ਸਨ ।
ਰੁੱਖਾਂ ਦਾ ਲਾਓਣਾ ਇਸ ਲਈ ਵੀ ਜ਼ਰੂਰੀ ਹੈ ਕਿ ਅਸੀਂ ਗੋਬਰ ਨਾ ਬਾਲੀਏ, ਕਿਉਂਕਿ ਗੋਬਰ, ਟੱਟੀ, ਡੰਗਰਾਂ ਦੇ ਵਾੜਿਆਂ ਦੇ ਕੂੜੇ ਦੇ ਬਿਨਾਂ, ਖੇਤ ਆਪਣੀ ਉਪਜਾਊ-ਸ਼ਕਤੀ ਨੂੰ ਕਾਇਮ ਨਹੀਂ ਰੱਖ ਸਕਦੇ। ਭਾਰਤ ਵਿੱਚ ਘਰ-ਘਰ ਗੋਬਰ ਦੇ ਜਲਣ ਨਾਲ ਸਾਡੀ ਧਰਤੀ ਨੂੰ ਰੂੜੀ ਦੀ ਖਾਦ ਘੱਟ ਮਿਲ ਰਹੀ ਹੈ । ਮੈਦਾਨਾਂ ਵਿੱਚ ਰੱੁਖਾਂ ਦੇ ਵਧੇਰੀ ਗਿਣਤੀ ਵਿੱਚ ਲੱਗ ਜਾਣ ਦੇ ਨਾਲ ਹਿਮਾਲਾ ਪਰਬਤ ਵਿੱਚੋਂ ਰੁੱਖਾਂ ਦੀ ਕਟਾਈ ਘਟ ਜਾਏਗੀ ਤੇ ਉਹ ਮੂਲੋਂ ਬਰਬਾਦ ਹੋਣ ਤੋਂ ਬਚ ਜਾਵੇਗਾ; ਜਿਵੇਂ ਕਿ ਉਸ ਦੀ ਬਰਬਾਦੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਹਿਮਾਲੀਆ ਪਰਬਤ ਵਿੱਚ ਰੁੱਖਾਂ ਦੀ ਵਢਾਈ ਨਾਲ ਚਸ਼ਮੇ ਬੰਦ ਹੋ ਰਹੇ ਹਨ ਤੇ ਪਾਣੀ ਨਾ ਮਿਲਣ ਦੇ ਕਾਰਨ ਹਿਮਾਲਾ ਦੀ ਆਬਾਦੀ ਉੱਜੜ ਕੇ ਦਿੱਲੀ ਵਰਗੇ ਸ਼ਹਿਰਾਂ ਨੂੰ ਰੁਜ਼ਗਾਰ ਲਈ ਆ ਰਹੀ ਹੈ। ਹਿਮਾਲਾ ਵਿੱਚ ਰੁੱਖਾਂ ਦੀ ਵਢਾਈ ਨਾਲ ਸਾਰੇ (ਦੱਖਣ, ਪੂਰਬ) ਏਸ਼ੀਆ ਦੇ ਦੇਸ਼ਾਂ ਦੇ ਵਾਤਾਵਰਣ ਨੂੰ ਖ਼ਤਰਾ ਪੈਦਾ ਹੋ ਜਾਵੇਗਾ ਤੇ ਇਹ ਸੰਸਾਰ ਦਾ ਭਾਰਾ ਦੁਖਾਂਤ ਹੋਵੇਗਾ ।
ਦੇਸ਼ ਵਿੱਚ ਕਾਗ਼ਜ਼ ਦੇ ਲਿਫ਼ਾਫ਼ਿਆਂ ਦੀ ਵਰਤੋਂ ਅਜਾਈਂ ਹੋ ਰਹੀ
ਹੈ। ਕਾਗ਼ਜ਼ ਵੀ ਰੁੱਖਾਂ ਤੋਂ ਬਣਦਾ ਹੈ । ਇਸ ਲਈ ਜਦੋਂ ਕੋਈ ਸੌਦਾ ਬਾਜ਼ਾਰੋਂ ਲਵੋ ਉਸ ਨੂੰ ਕਦੇ ਲਿਫ਼ਾਫ਼ੇ ਵਿੱਚ ਨਾ ਲਵੋ, ਜੇਬ ਵਿੱਚ ਪਾਵੋ, ਝੋਲੇ ਵਿੱਚ ਲਿਆਓ ਜਾਂ ਭਾਂਡੇ ਵਿੱਚ ਲਿਆਓ, ਟੋਕਰੀ ਵਿੱਚ ਲਿਆਉ; ਕਿਸੇ ਤਰ੍ਹਾਂ ਵੀ ਲਿਆਓ ਪਰ ਲਿਫ਼ਾਫ਼ੇ ਵਿੱਚ ਨਾ ਲਿਆਓ। ਲਿਫ਼ਾਫ਼ਿਆਂ ਨੂੰ ਬਣਾਉਣ ਵਿੱਚ ਸੈਂਕੜੇ ਮਣ ਦੇਸ਼ ਦਾ ਅੰਨ ਵੀ ਪ੍ਰਤੀ-ਦਿਨ ਬਰਬਾਦ ਹੋ ਰਿਹਾ ਹੈ। ਸ਼ਾਦੀ ਦੇ ਕਾਰਡਾਂ ਦੀ ਥਾਂ ਵੀ ਸਾਧਾਰਨ ਪੋਸਟ ਕਾਰਡ ਵਰਤੋ, ਉਹ ਵੀ ਜੇ ਲੋੜ ਹੋਵੇ। ਰਸਮੀ ਤੌਰ ’ਤੇ ਸ਼ਾਦੀ ਕਾਰਡ ਕਿਸੇ ਨੂੰ ਨਾ ਭੇਜੋ। ਡਰਾਈਕਲੀਨ ਕੀਤੇ ਹੋਏ ਕੱਪੜੇ ਵੀ ਦੁਕਾਨ ਤੋਂ ਲਿਫ਼ਾਫ਼ੇ ਵਿੱਚ ਨਾ ਲਿਆਓ। ਜਿਸ ਸਰਕਾਰੀ ਕਾਗ਼ਜ਼ ’ਤੇ ਦੋ ਤਿੰਨ ਸੱਤਰਾਂ ਛਪੀਆਂ ਹੁੰਦੀਆਂ ਹਨ ਤੇ ਬਾਕੀ ਸਾਰਾ ਖ਼ਾਲੀ ਹੁੰਦਾ ਹੈ, ਉਹ ਬੜਾ ਮਹਿੰਗਾ ਕਾਗ਼ਜ਼ ਹੁੰਦਾ ਹੈ। ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚੋਂ ਲੱਖਾਂ ਮਣ ਸਰਕਾਰੀ ਕਾਗ਼ਜ਼ ਚੋਰੀ ਹੁੰਦਾ ਹੋਵੇਗਾ, ਜਿਸ ਨੇ ਰੱਦੀ ਕਾਗ਼ਜ਼ ਦੇ ਤੌਰ ’ਤੇ ਵਿਕਣਾ ਹੁੰਦਾ ਹੈ । ਜੇਕਰ ਮਾਸ ਅਤੇ ਚਮੜੇ ਲਈ ਨੌਜਵਾਨ ਗਊਆਂ ਤੇ ਮੱਝਾਂ ਦੇਸ਼ ਵਿੱਚ ਰੋਜ਼ ਕਤਲ ਹੋਣ ਤਾਂ ਦੇਸ਼ ਵਿੱਚ ਦੁੱਧ ਤੇ ਘਿਓ ਦਾ ਕਾਲ ਪੈ ਸਕਦਾ ਹੈ।
ਫਿਰ ਭਾਰ ਢੋਣ ਵਾਲੇਗੱਡਿਆਂ ਨੂੰ ਖਿੱਚਣ ਤੇ ਖੇਤੀ ਕਰਨ ਵਾਲੇ ਬੈਲ ਕਿੱਥੋਂ ਆਉਣਗੇ। ਸਾਡੇ ਦੇਸ਼ ਦਾ ਭਾਰ ਢੋਣ ਦਾ ਕੰਮ ਰੇਲ ਗੱਡੀਆਂ ਤੇ ਟਰੱਕ ਸੌ ਵਿੱਚੋਂ ਕੇਵਲ 10 ਹਿੱਸੇ ਕਰਦੇ ਹਨ । 90 ਹਿੱਸੇ ਇਹ ਕੰਮ ਬੈਲ ਤੇ ਸੰਢੇ ਕਰਦੇ ਹਨ। ਦੇਸ਼ ਵਿੱਚ ਬੈਲਾਂ ਤੇ ਸਾਨ੍ਹਾਂ ਦੀ ਚਿੰਤਾਜਨਕ ਕਮੀ ਹੈ, ਜਿਸ ਦੇ ਕਾਰਣ ਡੀਜ਼ਲ ਤੇਲ ਦਾ ਖ਼ਰਚ ਦੇਸ਼ ਵਿੱਚ ਵਧ ਰਿਹਾ ਹੈ। ਡੀਜ਼ਲ ਦੀ ਕੀਮਤ ਸਾਢੇ 14 ਪ੍ਰਤੀਸ਼ਤ ਸੰਨ 1979 ਦੇ ਜਨਵਰੀ ਦੇ ਮਹੀਨੇ ਵਧੀ ਹੈ ਤੇ 200 ਕਰੋੜ ਰੁਪਿਆ ਸਾਲ ਦਾ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਡੀਜ਼ਲ ਤੇਲ ਦਾ ਖ਼ਰਚ ਇਕ ਸਾਲ ਦਾ ਵਧ ਗਿਆ ਹੈ*
ਇਹ ਖਤਰਾ ਹੁਣ ਹੋਰ ਵੱਧ ਰਿਹਾ ਹੈ
ਦੇਸ਼ ਕੇਵਲ ਇਸੇ ਸੂਰਤ ਵਿੱਚ ਬਚ ਸਕਦਾ ਹੈ ਜੇਕਰ ਹਰ ਇਕ ਆਦਮੀ ਪੁੰਨ ਦੀ ਭਾਵਨਾ ਨਾਲ ਗਊਆਂ ਪਾਲੇ ਤੇ ਵੱਛਿਆਂ ਨੂੰ ਅੱਧਾ ਦੁੱਧ ਛੱਡ ਕੇ ਚੰਗੇ ਬੈਲ ਬਣਾਵੇ । ਸ੍ਰੀ ਕ੍ਰਿਸ਼ਨ ਮਹਾਰਾਜ ਨੇ ਵੀ ਗਊਆਂ ਚਰਾਈਆਂ ਸਨ। ਗੁਰੂ ਨਾਨਕ ਸਾਹਿਬ ਨੇ ਵੀ ਗਊਆਂ ਮੱਝਾਂ ਚਰਾਈਆਂ । ਪਰ ਵਰਤਮਾਨ ਕਾਲ ਵਿੱਚ ਸ੍ਰੀ ਕਿਸ਼ਨ ਤੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲਿਆਂ ਵਿੱਚੋਂ ਕਿਸੇ ਵਿਰਲੇ ਨੂੰ ਹੀ ਇਹ ਚਾਅ ਹੋਵੇਗਾ ਕਿ ਉਹ ਗਊ ਰੱਖੇ ਤੇ ਵੱਛੇ ਨੂੰ ਅੱਧਾ ਦੁੱਧ ਛੱਡੇ।
ਉੱਚੇ ਦਰਜੇ ਦੇ ਬੰਦਿਆਂ ਵਿੱਚੋਂ ਕੇਵਲ ਇਕ ਬੰਦੇ ਬਾਰੇ ਅਖ਼ਬਾਰ ਵਿੱਚ ਇਹ ਗੱਲ ਨਿਕਲੀ ਹੈ ਤੇ ਉਹ ਬੀਕਾਨੇਰ ਦੇ ਰਹਿ ਚੁੱਕੇ ਮਹਾਰਾਜਾ ਕਰਨੀ ਸਿੰਘ ਦੇ ਪੁੱਤਰ ਬਾਰੇ ਹੈ। ਉਸ ਨੇ ਗਊਆਂ ਦੀ ਬਹੁਤ ਵੱਡੀ ਡੇਅਰੀ ਬਣਾਈ ਹੋਈ ਹੈ, ਨਹੀਂ ਤਾਂ ਹਰ ਬੰਦਾ ਮੋਟਰਕਾਰ ਤੇ ਸਕੂਟਰ ਰੱਖਣਾ ਚਾਹੁੰਦਾ ਹੈ। ਅਨੇਕਾਂ ਚੀਜ਼ਾਂ ਹੰਕਾਰ ਦੇ ਪ੍ਰਗਟਾਵੇ ਲਈ ਵਰਤੀਆਂ ਜਾ ਰਹੀਆਂ ਹਨ, ਵਰਤੋਂ ਹੋਵੇ ਨਾ ਹੋਵੇ ਪਰ ਉਸ ਚੀਜ਼ ਦਾ ਘਰ ਵਿੱਚ ਹੋਣਾ ਲਾਜ਼ਮੀ ਗਿਣਿਆ ਗਿਆ ਹੈ; ਜਿਵੇਂ ਫਰਿੱਜ ਰੈਫਰੀਜੀਰੇਟਰ ਆਦਿ।
ਜਿਸ ਘਰ ਵਿੱਚ ਗਊਆਂ ਮੱਝਾਂ ਹੋਣ ਉੱਥੇ ਰੈਫਰੀਜੀਰੇਟਰ ਦੀ ਕੋਈ ਲੋੜ ਨਹੀਂ। ਰੋਟੀ ਦਾਲ ਸਬਜ਼ੀ ਜੋ ਬਚੇ ਉਹ ਗਊਆਂ ਨੂੰ ਖਾਣ ਨੂੰ ਦਿੱਤੀ ਜਾ ਸਕਦੀ ਹੈ। ਸਾਨੂੰ ਸਟੀਲ ਦੂਜੇ ਦੇਸ਼ਾਂ ਤੋਂ ਮੰਗਾਉਣਾ ਪੈ ਰਿਹਾ ਹੈ। ਉਸ ਦੇ ਬਦਲੇ ਸਾਨੂੰ ਸਾਡੇ ਦੇਸ਼ ਦੀਆਂ ਚੀਜ਼ਾਂ ਦੂਜੇ ਦੇਸ਼ਾਂ ਨੂੰ ਭੇਜਣੀਆਂ ਪੈ ਰਹੀਆਂ ਹਨ। ਬਦੇਸ਼ੀ ਸਿੱਕਾ ਵੀ ਜਾਂਦਾ ਹੈ। ਫਿਰ ਲੋਹੇ ਨੇ ਦੁਨੀਆਂ ਵਿੱਚੋਂ ਮੁੱਕ ਜਾਣਾ ਹੈ।
ਇੰਗਲੈਂਡ ਦੇਸ਼ ਦੇ ਫ਼ਿਲਾਸਫ਼ਰ ਜੌਹਨ ਰਸਕਿਨ ਦੀ ਇਹ ਗੱਲ ਸੰਸਾਰ ਦੇ ਹਰ ਬੰਦੇ ਨੂੰ ਆਪਣੇ ਸਨਮੁਖ ਰੱਖਣੀ ਚਾਹੀਦੀ ਹੈ ਕਿ ਸਾਡੇ ਪਿੱਛੋਂ ਵੀ ਦੁਨੀਆਂ ਵਿੱਚ ਕਿਸੇ ਨੇ ਆਉਣਾ ਹੈ
ਨਹੀਂ ਇਹ ਦੁਨੀਆਂ ਹੋਰ ਕਿੰਨੇ ਹਜ਼ਾਰ ਸਾਲ, ਕਿੰਨੇ ਲੱਖ ਸਾਲ ਜਾਣੀ ਹੈ। ਇਸ ਲਈ ਸਾਨੂੰ ਆਉਣ ਵਾਲੀਆਂ ਨਸਲਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ । ਧਰਤੀ ਤੇ ਉਸ ਵਿੱਚ ਲੁਕੇ ਹੋਏ ਕੋਇਲੇ ਤੇ ਲੋਹੇ ਵਰਗੇ ਪਦਾਰਥਾਂ ਨੂੰ ਬੇਕਦਰੀ ਨਾਲ ਨਹੀਂ ਉਜਾੜਣਾ ਚਾਹੀਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਪਦਾਰਥਾਂ ਨੂੰ ਬਚਾ ਕੇ ਤੇ ਸੰਭਾਲ ਕੇ ਰੱਖਣਾ ਚਾਹੀਦਾ ਹੈ।
ਅਮਰੀਕਾ ਦੇਸ਼ ਦੀ ਆਬਾਦੀ ਦੁਨੀਆਂ ਦੀ ਆਬਾਦੀ ਦਾ ਛੇਵਾਂ ਹਿੱਸਾ
ਹੈ;
ਪਰ ਉਸ ਦੇਸ਼ ਦੇ ਬੰਦੇ ਧਰਤੀ ਦੇ ਢਿੱਡ ਵਿੱਚੋਂ ਨਿਕਲਣ ਵਾਲੀਆਂ ਲੋਹਾ, ਤਾਂਬਾ, ਪਿੱਤਲ ਤੇ ਕੋਇਲੇ ਵਰਗੇ ਪਦਾਰਥਾਂ ਦੀ ਜਿੰਨੀ ਵਰਤੋਂ ਕਰਦੇ ਹਨ ਉਹ ਸੌ ਵਿੱਚੋਂ ਚਾਲ੍ਹੀ ਹਿੱਸੇ ਹੈ। ਮੋਟੇ ਤੌਰ ’ਤੇ ਅਨੁਮਾਨ ਲਾਇਆ ਗਿਆ ਹੈ ਕਿ ਭਾਰਤ ਵਰਗੇ ਗ਼ਰੀਬ ਦੇਸ਼ਾਂ ਦੇ ਮੁਕਾਬਲੇ ਵਿੱਚ ਅਮਰੀਕਾ ਤੇ ਯੂਰਪ ਦਾ ਇਕ-ਇਕ ਬੰਦਾ ਸੰਸਾਰ ਦੇ ਪਦਾਰਥਾਂ ਨੂੰ 20 ਗੁਣਾਂ ਵੱਧ ਵਰਤਦਾ ਹੈ। ਜੇ ਗ਼ਰੀਬ ਦੇਸ਼ਾਂ ਦੇ ਬੰਦਿਆਂ ਨੇ ਵੀ ਸੰਸਾਰ ਦੇ ਪਦਾਰਥਾਂ ਦਾ ਉਜਾੜਾ ਕਰਨ ਦੀ ਓਹੋ ਚਾਲ ਫੜੀ ਹੁੰਦੀ ਤਾਂ ਹੁਣ ਤਕ ਕਦੋਂ ਦਾ ਲੋਹਾ ਮੁਕਿਆ ਹੁੰਦਾ, ਕੋਇਲਾ ਮੱੁਕਿਆ ਹੁੰਦਾ ਤੇ ਹਿਮਾਲਾ ਪਹਾੜ ਦੀਆਂ ਪਹਾੜੀਆਂ ਰੁੱਖਾਂ ਵੱਲੋਂ ਰੁੰਡ-ਮਰੁੰਡ ਹੋਈਆਂ ਹੁੰਦੀਆਂ ਤੇ ਮੈਦਾਨ ਵੀ ਦਰੱਖਤਾਂ ਵੱਲੋਂ ਰੁੰਡ-ਮਰੁੰਡ ਹੋਏ ਹੁੰਦੇ। ਹੜ੍ਹਾਂ ਤੇ ਹਨੇਰੀਆਂ ਨੇ ਦੇਸ਼ ਦੇ ਬੰਦਿਆਂ ਦੇ ਬੁਰੇ ਹਾਲ ਤੇ ਬਾਂਕੇ ਦਿਹਾੜੇ ਕੀਤੇ ਹੁੰਦੇ।
ਡੀਜ਼ਲ ਤੇਲ ਸਾਡੇ ਦੇਸ਼ ਵਿੱਚ ਬਾਹਰਲੇ ਦੇਸ਼ਾਂ ਤੋਂ ਆ ਰਿਹਾ ਹੈ।
ਸਾਡੇ ਦੇਸ਼ ਵਿੱਚੋਂ ਜੋ ਮਿੱਟੀ ਦਾ ਤੇਲ ਤੇ ਡੀਜ਼ਲ ਦੂਜੇ ਦੇਸ਼ਾਂ ਵਿੱਚੋਂ ਆ ਰਿਹਾ ਹੈ ਉਸ ਦੀ ਕੀਮਤ ਜੇ ਮੈਂ ਭੁੱਲਦਾ ਨਹੀਂ ਤਾਂ 17 ਅਰਬ ਰੁਪਿਆ ਹੋਵੇਗੀ। ਜੇ ਇਹ ਰਕਮ ਠੀਕ ਨਾ ਵੀ ਹੋਵੇ ਤਾਂ ਵੀ ਇਕ ਡਰਾਉਣ ਵਾਲੀ ਵੱਡੀ ਰਕਮ ਦਾ ਡੀਜ਼ਲ ਸਾਡੇ ਮੁਲਕ ਨੂੰ ਦੂਜੇ ਦੇਸ਼ਾਂ ਤੋਂ ਆ ਰਿਹਾ ਹੈ, ਉਸ ਦੇ ਬਦਲੇ ਸਾਡੇ ਦੇਸ਼ ਨੂੰ ਅਨੇਕਾਂ ਉਹ ਚੀਜ਼ਾਂ ਭੇਜਣੀਆਂ ਪੈਂਦੀਆਂ ਹਨ ਜਿਨ੍ਹਾਂ ਦੀ ਸਾਨੂੰ ਲੋੜ ਹੁੰਦੀ ਹੈ; ਜਿਵੇਂ ਗੰਢੇ, ਆਲੂ ਆਦਿ । ਫਿਰ ਲੰਘ ਰਹੇ ਸਾਲ ਵਿੱਚ ਸਾਡੇ ਦੇਸ਼ ਨੇ 75 ਹਜ਼ਾਰ ਟਨ ਗੰਢੇ, 75 ਹਜ਼ਾਰ ਟਨ ਆਲੂ, ਸਾਢੇ ਛੇ ਲੱਖ ਟਨ ਖੰਡ ਦੂਜੇ ਦੇਸ਼ਾਂ ਨੂੰ ਭੇਜੇ ਹਨ, ਅੰਬ ਵੀ ਭੇਜੇ ਜਾਂਦੇ ਹਨ, ਜਿਸ ਦੀ ਖ਼ਾਤਰ ਨੌਜਵਾਨ ਗਊਆਂ, ਮੱਝਾਂ ਕਲਕੱਤੇ ਵਰਗੇ ਸ਼ਹਿਰਾਂ ਵਿੱਚ ਕਤਲ ਹੁੰਦੀਆਂ ਹਨ। ਪਹਿਲਾਂ ਜਿਊਂਦੇ ਬਾਂਦਰ ਵੀ ਦੂਜੇ ਦੇਸ਼ਾਂ ਨੂੰ ਜਾਂਦੇ ਸਨ ਜਿਨ੍ਹਾਂ ਉੱਤੇ ਉੱਘੇ ਸਾਇੰਸਦਾਨ ਅਤਿਆਚਾਰ ਕਰਦੇ ਸਨ ।
ਅਮਰੀਕਾ ਦੇ ਸਾਇੰਸਦਾਨਾਂ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ 34000 ਬਾਂਦਰਾਂ ਉੱਤੇ ਕਹਿਰ ਭਰੇ ਤਜਰਬੇ ਹੁੰਦੇ ਸਨ ਜਿਨ੍ਹਾਂ ਨਾਲ ਉਹ ਕਈ-ਕਈ ਦਿਨ ਤੜਫ਼-ਤੜਫ਼ ਕੇ ਮਰਿਆ ਕਰਦੇ ਸਨ । ਉਨ੍ਹਾਂ ਬਾਂਦਰਾਂ ਵਿੱਚੋਂ ਬਹੁਤੀ ਗਿਣਤੀ ਹਿੰਦੁਸਤਾਨ ਵਿੱਚੋਂ ਭੇਜੇ ਗਏ ਬਾਂਦਰਾਂ ਦੀ ਹੁੰਦੀ ਸੀ।
ਲੰਘ ਚੁੱਕੇ ਸਾਲ 1978 ਦੇ ਅਪ੍ਰੈਲ ਦੇ ਮਹੀਨੇ ਤੋਂ ਜੋ ਮਾਲ ਦੂਜੇ
ਦੇਸ਼ਾਂ ਤੋਂ ਸਾਡੇ ਦੇਸ਼ ਨੂੰ ਆਇਆ ਹੈ, ਉਸ ਮਾਲ ਨਾਲੋਂ 800 ਕਰੋੜ ਰੁਪਏ ਦੇ ਕਰੀਬ ਵੱਧ ਮੁੱਲ ਦਾ ਸੀ ਜਿਹੜਾ ਅਸੀਂ ਦੂਜੇ ਦੇਸ਼ਾਂ ਨੂੰ ਭੇਜਿਆ ਹੈ। ਜਿੰਨਾ ਵੱਧ ਮਾਲ ਸਾਡੇ ਦੇਸ਼ ਨੂੰ ਦੂਜੇ ਦੇਸ਼ਾਂ ਤੋਂ ਆਇਆ ਹੈ ਉਸ ਦੇ ਬਦਲੇ ਸਾਨੂੰ ਆਪਣੇ ਸਰਕਾਰੀ ਖ਼ਜ਼ਾਨੇ ਵਿੱਚੋਂ ਓਨਾ ਹੀ ਬਦੇਸ਼ੀ ਸਿੱਕਾ ਦੂਜੇ ਦੇਸ਼ਾਂ ਨੂੰ ਭੇਜਣਾ ਪਵੇਗਾ। ਬਦੇਸ਼ੀ ਸਿੱਕੇ ਦੇ ਬਦਲੇ ਅਸੀਂ ਦੂਜੇ ਮੁਲਕਾਂ ਤੋਂ ਅਨੇਕਾਂ ਚੀਜ਼ਾਂ ਮੰਗਵਾਉਣੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕਈ ਬਹੁਤ ਜ਼ਰੂਰੀ ਵਸਤਾਂ ਹੁੰਦੀਆਂ ਹਨ; ਜਿਵੇਂ ਯ-੍ਰੳੇ ਦੀਆਂ ਫ਼ਿਲਮਾਂ ਜਿਨ੍ਹਾਂ ਨਾਲ ਮਨੁੱਖ ਦੇ ਸ਼ਰੀਰ ਦੇ ਪੱਥਰੀਆਂ ਵਰਗੇ ਰੋਗ ਵੇਖੇ ਜਾਂਦੇ ਹਨ ਤੇ ਫ਼ੌਜੀ ਸਮਾਨ ਆਦਿ। ਸਾਨੂੰ ਆਪਣੇ ਬਦੇਸ਼ੀ ਸਿੱਕੇ ਨੂੰ ਬੜਾ ਸੰਕੋਚ ਨਾਲ ਵਰਤਣਾ ਚਾਹੀਦਾ ਹੈ। ਡੀਜ਼ਲ ਤੇਲ ਨੇ 20 ਸਾਲਾਂ ਤਕ ਦੁਨੀਆਂ ’ਚੋਂ ਮੁੱਕ ਜਾਣਾ ਹੈ। ਫਿਰ ਉਸ ਵੇਲੇ ਸਾਡੇ ਕਈ ਜ਼ਰੂਰੀ ਕੰਮ ਰੁਕ ਜਾਣਗੇ; ਜਿਵੇਂ ਧਰਤੀ ਵਿੱਚੋਂ ਪਾਣੀ ਕੱਢਣ ਵਾਲੇ ਇੰਜਣ ਜਿਹੜੇ ਖੇਤਾਂ ਵਿੱਚ ਲੱਗੇ ਹੋਏ ਹਨ ਤੇ ਖੇਤਾਂ ਨੂੰ ਸਿੰਜਦੇ ਹਨ। ਜਿਉਂ-ਜਿਉਂ ਡੀਜ਼ਲ ਤੇਲ ਮੁੱਕਦਾ ਜਾ ਰਿਹਾ ਹੈ ਤਿਉਂ-ਤਿਉਂ ਉਸ ਦੀ ਕੀਮਤ ਵਧਦੀ ਜਾ ਰਹੀ ਹੈ; ਜਿਵੇਂ ਇਸ ਸਾਲ 14.5 ਪ੍ਰਤੀਸ਼ਤ ਡੀਜ਼ਲ ਦੀ ਕੀਮਤ ਵਧੀ ਹੈ। ਇਸ ਕੀਮਤ ਨੇ ਹਰ ਸਾਲ ਵਧਦੇ ਜਾਣਾ ਹੈ। ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਚੀਜ਼ਾਂ ਨੂੰ ਬਿਲਕੁਲ ਨਾ ਵਰਤੀਏ ਜਾਂ ਘੱਟ ਤੋਂ ਘੱਟ ਵਰਤੀਏ ਜਿਨ੍ਹਾਂ ਵਿੱਚ ਡੀਜ਼ਲ ਤੇਲ ਵਰਤਿਆ ਜਾਂਦਾ ਹੈ। ਰੇਲ ਗੱਡੀ ਜਿਹੜੇ ਤੇਲ ਨਾਲ 6 ਸੁਆਰੀਆਂ ਖਿੱਚਦੀ ਹੈ ਓਨੇ ਤੇਲ ਨਾਲ ਮੋਟਰ ਬੱਸ ਇਕ ਸਵਾਰੀ ਖਿੱਚਦੀ ਹੈ। ਅਸੀਂ ਟਾਂਗਿਆਂ ਦੀ ਸੁਆਰੀ ਦਾ ਰਿਵਾਜ ਛੱਡ ਕੇ ਬੱਸਾਂ ਦੀ ਵਰਤੋਂ ਕਰਕੇ ਭਾਰੀ ਗ਼ਲਤੀ ਕਰ ਰਹੇ ਹਾਂ । ਛੇਤੀ ਸਫ਼ਰ ਕਰਨ ਦਾ ਖ਼ਿਆਲ ਜਾਂ ਬੱਸਾਂ ਦੇ ਗਦੇਲਿਆਂ ’ਤੇ ਸਫ਼ਰ ਕਰਨ ਦਾ ਖ਼ਿਆਲ ਸਾਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਇਸ ਤੋਂ ਵੱਧ ਦੇਸ਼ ਦੇ ਉਜਾੜੇ ਵਾਲੀ ਗੱਲ ਕੋਈ ਹੋਰ ਹੋ ਨਹੀਂ ਸਕਦੀ। ਛੇਤੀ ਕਰਨ ਦਾ ਖ਼ਿਆਲ ਵੀ ਗ਼ਲਤ ਹੈ। ਹਰ ਬੰਦੇ ਨੂੰ ਛੇਤੀ ਨਹੀਂ
ਹੁੰਦੀ। ਫਿਰ ਡੀਜ਼ਲ ਨੇ ਤਾਂ 20 ਸਾਲਾਂ ਵਿੱਚ ਮੁੱਕ ਜਾਣਾ ਹੈ, ਫਿਰ ਲੋਕੀਂ ਕੀ ਕਰਨਗੇ? ਖੇਤਾਂ ਵਿੱਚ ਡੀਜ਼ਲ ਨਾਲ ਇੰਜਣ ਧਰਤੀ ਵਿੱਚੋਂ ਪਾਣੀ ਕੱਢਦੇ ਹਨ, ਉਨ੍ਹਾਂ ਵਾਸਤੇ ਤੇਲ ਰੱਖਣਾ ਬੜਾ ਜ਼ਰੂਰੀ ਹੈ, ਕਿਉਂਕਿ ਅੰਨ ਬਿਨਾਂ ਬੰਦਾ ਜਿਊਂਦਾ ਨਹੀਂ ਰਹਿ ਸਕਦਾ । ਜੇ ਬੰਦਾ ਬੱਸ ਦੀ ਥਾਂ ਟਾਂਗੇ ਦਾ ਸਫ਼ਰ ਕਰ ਲਵੇ ਤਾਂ ਕੀ ਹਰਜ ਹੈ । ਜਦ ਬੱਸ ਵਿੱਚ ਖ਼ਰਚ ਹੋਣ ਵਾਲੇ ਡੀਜ਼ਲ ਦੇ ਖ਼ਜ਼ਾਨਿਆਂ ਦੇ ਧਰਤੀ ਵਿੱਚੋਂ ਮੁਕ ਜਾਣ ਨਾਲ ਲੋਕਾਂ ਨੇ ਭੁੱਖੇ ਮਰਨਾ ਹੈ। ਖੇਤਾਂ ਦੇ ਉਹ ਇੰਜਣ ਨਾ ਚਲਣਗੇ ਜਿਹੜੇ ਡੀਜ਼ਲ ਨਾਲ ਚਲਕੇ ਧਰਤੀ ’ਚੋਂ ਪਾਣੀ ਕੱਢ ਕੇ ਖੇਤਾਂ ਦੀ ਸਿੰਜਾਈ ਕਰਦੇ ਹਨ। ਬੰਦਾ ਬਾਈਸਿਕਲ ’ਤੇ ਚੜ੍ਹ ਸਕਦਾ ਹੈ। ਸਾਈਕਲ ਰਿਕਸ਼ਾ ਜਿਸ ਨੂੰ ਬੰਦਾ ਖਿੱਚਦਾ ਹੈ, ਉਹ ਵਰਤਿਆ ਜਾ ਸਕਦਾ ਹੈ । ਸਫ਼ਰ ਲਈ ਟਾਂਗੇ ਵਰਤੇ ਜਾ ਸਕਦੇ ਹਨ, ਜਿਵੇਂ 12-12 ਮੀਲ ਦੇ ਸਫ਼ਰਾਂ ਲਈ ਅੱਗੇ ਟਾਂਗਾ ਜਾਇਆ ਕਰਦਾ ਸੀ। ਰਿਕਸ਼ੇ ਵਰਤੇ ਜਾ ਸਕਦੇ ਹਨ ਤੇ ਪੈਦਲ ਵੀ ਤੁਰਨਾ ਚਾਹੀਦਾ ਹੈ । ਬੈਠਕ ਦੇ ਜੀਵਨ ਵਾਲਾ ਜਿਹੜਾ ਬੰਦਾ ਸਾਢੇ 8 ਮੀਲ ਪੈਦਲ ਨਹੀਂ ਤੁਰਦਾ ਉਹ ਆਪਣੀ ਤੰਦਰੁਸਤੀ ਕਾਇਮ ਨਹੀਂ ਰੱਖ ਸਕਦਾ । ਬੈਠਕ ਦੇ ਜੀਵਨ ਵਾਲੇ ਹਰ ਇਕ ਬੰਦੇ ਲਈ ਸਾਢੇ 8 ਮੀਲ ਪੈਦਲ ਚਲਣਾ ਬੜਾ ਜ਼ਰੂਰੀ ਹੁੰਦਾ ਹੈ। ਅਨੇਕਾਂ ਬੰਦੇ ਆਪਣੀ ਨਕਰਮਣਤਾ ਦੇ ਨਾਲ ਤੁਰਨਾ ਛੱਡ ਬੈਠੇ ਹਨ ਤੇ ਸੁਆਰੀਆਂ ਦੇ ਗੁਲਾਮ ਹੋ ਗਏ ਹਨ। ਸਾਡਾ ਦੇਸ਼ ਗ਼ਰੀਬ ਹੈ । ਇਸ ਲਈ ਹਰ ਬੰਦੇ ਨੂੰ ਘੱਟ ਤੋਂ ਘੱਟ ਖ਼ਰਚ ਕਰਨਾ ਚਾਹੀਦਾ ਹੈ। ਉਹ ਬੰਦਾ ਕਿੰਨਾ ਮੂਰਖ ਹੈ ਜਿਹੜਾ ਸਾਢੇ 8 ਮੀਲ ਪੈਦਲ ਨਹੀਂ ਤੁਰਦਾ ਤੇ ਬੱਸ ਦਾ ਸਫ਼ਰ ਕਰਕੇ 8 ਆਨੇ ਜਾਂ ਇਕ ਰੁਪਿਆ ਪ੍ਰਤੀ-ਦਿਨ ਡੀਜ਼ਲ ਤੇਲ ਦੇ ਬਦਲੇ ਦੂਜੇ ਦੇਸ਼ਾਂ ਨੂੰ ਭੇਜਦਾ ਹੈ।
*ਭਗਤ ਜੀ ਦੇ ਵੇਲੇ ਨਹਿਰੀ ਪਾਣੀ ਹੀ ਸੀ ਜਿਆਦਾ ਸਮਰਸੀਬਲ ਨਹੀਂ ਸਨ ਏਨੇ ਏਸ ਲਈ ਭਗਤ ਜੀ ਓਸ ਨੂੰ ਸੱਮਸਿਆ ਨਹੀਂ ਦੱਸ ਰਹੇ ਪਰ ਹੁਣ ਪਾਣੀ ਦਾ ਡਿਗਦਾ ਸਤਰ ਮਾਰੂਥਲ ਨੂੰ ਇਕ ਸਦਾ ਪੱਤਰ ਹੀ ਦੇ ਰਿਹਾ ਹੈ
Comentários