ਭਾਰਤ ਵਿੱਚ ਰੁੱਖਾਂ ਦੀ ਭਾਰੀ ਘਾਟ ਪੈਦਾ ਹੋ ਚੁੱਕੀ ਹੋਈ ਹੈ ਜਿਸ ਦੇ ਕਾਰਣ ਅਨੇਕ ਪ੍ਰਕਾਰ ਦੇ ਖ਼ਤਰੇ ਭਾਰਤ ਲਈ ਪੈਦਾ ਹੋ ਚੁੱਕੇ ਹਨ ਤੇ ਦਿਨ ਪ੍ਰਤੀ-ਦਿਨ ਵਧਦੀ ਜਾ ਰਹੀ ਰੱੁਖਾਂ ਦੀ ਕਟਾਈ ਦੇ ਕਾਰਨ ਇਹ ਖ਼ਤਰੇ ਵੀ ਵਧਦੇ ਜਾ ਰਹੇ ਹਨ।ਇਨ੍ਹਾਂ ਖ਼ਤਰਿਆਂ ਵਿੱਚੋਂ ਸਭ ਤੋਂ ਵੱਡਾ ਖ਼ਤਰਾ ਧਰਤੀ ਦਾ ਖੁਰਨਾ ਅਤੇ ਦਰਿਆਵਾਂ ਦੇ ਹੜ੍ਹਾਂ ਦਾ ਹੈ। ਜੇਕਰ ਤੁਸੀਂ ਇਸ ਰੱੁਤ ਵਿੱਚ ਕੋਈ ਰੱੁਖ ਨਹੀਂ ਲਾਇਆ ਤਾਂ ਜ਼ਰੂਰ ਲਾ ਦਿਓ। ਧਰਤੀ ਨੂੰ ਰੱੁਖਾਂ ਤੋਂ ਖ਼ਾਲੀ ਕਰਕੇ ਦੁਨੀਆਂ ਦੇ ਅਨੇਕ ਦੇਸ਼ ਆਪਣੀ ਅੰਨ-ਉਪਜਾਊ ਧਰਤੀ ਨੂੰ ਰੇਤ ਦੇ ਮਾਰੂਥਲ ਬਣਾ ਕੇ ਬਰਬਾਦ ਹੋ ਚੁੱਕੇ ਹਨ। ਅਜਿਹੀਆਂ ਬਰਬਾਦੀਆਂ ਤੋਂ ਬਚਣ ਲਈ ਪੂਰਾ-ਪੂਰਾ ਉੱਦਮ ਕਰਨਾ ਹੈ। ਰੁੱਖ ਲਾਉਣਾ ਹੀ ਉਹ ਉੱਦਮ ਹੈ ਜਿਸ ਨਾਲ ਧਰਤੀ ਰੇਤ ਦਾ ਮਾਰੂਥਲ ਬਣਨ ਤੋਂ ਬਚ ਸਕਦੀ ਹੈ। ਇਸ ਲੇਖ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਲ ਵਿੱਚ ਰੱੁਖਾਂ ਨੂੰ ਲਾਉਣ ਦਾ ਮੌਸਮ ਦੋ ਵਾਰ ਆਉਂਦਾ ਹੈ। ਭਾਰਤ ਦੇ ਹਰ ਬੰਦੇ ਨੂੰ ਇਹਨਾਂ ਦੋਹਾਂ ਸਮਿਆਂ ਦੀ ਉਡੀਕ ਵਿੱਚ ਰਹਿਣਾ ਚਾਹੀਦਾ ਹੈ । ਜਦੋਂ ਉਹ ਸਮਾਂ ਆ ਜਾਵੇ ਤਾਂ ਸਕੂਲਾਂ, ਪੰਚਾਇਤ-ਘਰਾਂ, ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਪਿੰਡਾਂ ਦੇ ਸਾਂਝੇ ਮੈਦਾਨਾਂ ਵਿੱਚ ਰੁੱਖ ਲਾਉਣੇ ਚਾਹੀਦੇ ਹਨ।ਰੁੱਖ ਲਾਉਣ ਵਿੱਚ ਜ਼ਿੰਦਗੀ ਮੌਤ ਦਾ ਭੇਤ ਛੁਪਿਆ ਪਿਆ ਹੈ।
ਭਾਰਤ ਵਿੱਚ ਰੇਤ ਦੇ ਮਾਰੂਥਲ ਦੀ ਲੰਬਾਈ ਚੌੜਾਈ ਵਿੱਚ ਇਕ ਮੀਲ ਦਾ ਵਾਧਾ ਹਰ ਸਾਲ ਹੋ ਜਾਂਦਾ ਹੈ ਤੇ 100 ਵਿੱਚੋਂ ਇਕ ਹਿੱਸਾ ਧਰਤੀ ਦੀ ਉਤਲੀ ਅੱਠ ਇੰਚ ਅੰਨ-ਉਪਜਾਊ ਬਾਰੀਕ ਮਿੱਟੀ ਹਰ ਸਾਲ ਹੜ੍ਹਾਂ ਦੇ ਪਾਣੀ ਤੇ ਹਵਾ ਦੀਆਂ ਹਨੇਰੀਆਂ ਨਾਲ ਖੁਰ ਜਾਂਦੀ ਹੈ। ਉਹੋ ਅੱਠ ਇੰਚ ਬਾਰੀਕ ਮਿੱਟੀ ਹੀ ਉਹ ਮਿੱਟੀ ਹੁੰਦੀ ਹੈ ਜਿਸ ਵਿੱਚ ਅੰਨ ਪੈਦਾ ਹੁੰਦਾ ਹੈ ਤੇ ਜੇ ਉਹ ਅੱਠ ਇੰਚ ਬਾਰੀਕ ਮਿੱਟੀ ਹੜ੍ਹਾਂ ਦੇ ਪਾਣੀ ਜਾਂ ਹਵਾ ਦੀਆਂ ਹਨੇਰੀਆਂ ਨਾਲ ਖੁਰ ਜਾਵੇ ਤਾਂ ਹੇਠਲੀ ਨਕਾਰਾ ਮਿੱਟੀ ਪਿੱਛੇ ਰਹਿ ਜਾਂਦੀ ਹੈ, ਜਿਸ ਵਿੱਚ ਕੁਝ ਪੈਦਾ ਨਹੀਂ ਹੁੰਦਾ। ਦੇਸ਼ ਦੀ ਭਾਰੀ ਤਬਾਹੀ ਰੁੱਖਾਂ ਦੀ ਅੰਧਾਧੁੰਦ ਕਟਾਈ ਕਾਰਨ ਹੀ ਹੋ ਰਹੀ ਹੈ। ਜੇ ਭਿਆਨਕ ਤਬਾਹੀ ਤੋਂ ਬਚਣਾ ਚਾਹੁੰਦੇ ਹੋ ਤਾਂ ਰੁੱਖ ਲਾਉਣ ਲਈ ਕਮਰਕੱਸੇ ਕਰ ਲਉ। ਇਕ ਵਰਗ ਕਿਲੋਮੀਟਰ ਜੰਗਲ ਆਪਣੀਆਂ ਜੜ੍ਹਾਂ ਵਿੱਚ 20,000 ਤੋਂ 30,000 ਕਿਊਬਿਕ ਮੀਟਰ ਪਾਣੀ ਰੱਖਦਾ ਹੈ। ਇਹ ਪਾਣੀ ਮੀਂਹ ਹੇਠਲੇ ਪਾਣੀ ਦੀ ਸਤਹ ਨੂੰ ਡਿੱਗਣ ਤੋਂ ਰੋਕਦਾ ਹੈ।ਖੇਤਾਂ ਜਾਂ ਪਿੰਡਾਂ ਤੇ ਸ਼ਹਿਰਾਂ ਦੁਆਲੇ ਰੁੱਖਾਂ ਦੀ ਪੱਟੀ ਹੋਣਾ ਜ਼ਰੂਰੀ ਹੈ। ਇਕ ਵਰਗ ਕਿਲੋਮੀਟਰ ਜੰਗਲ ਵਾਤਾਵਰਣ ਵਿੱਚੋਂ 30 ਟਨ ਮਿੱਟੀ ਸਮੇਟ ਲੈਂਦਾ ਹੈ। ਇਕ ਵਰਗ ਕਿਲੋਮੀਟਰ ਜੰਗਲ ਹਰ ਰੋਜ਼ 3.7 ਮੀ: ਟਨ ਕਾਰਬਨ ਡਾਇਆਕਸਾਈਡ ਵਾਤਾਵਰਣ ਵਿੱਚੋਂ ਲੈ ਕੇ ਆਕਸੀਜਨ ਛੱਡ ਦਿੰਦਾ ਹੈ।
ਪਰ ਰੁੱਖਾਂ ਬਗੈਰ ਭਾਰਤ ਦੀ ਧਰਤੀ ਨੇ ਏਨਾ ਗਰਮ ਹੋ ਜਾਣਾ ਹੈ ਕਿ ਲੋਕ ਤੜਫਣਗੇ, ਅੱਖਾਂ ਖ਼ਰਾਬ ਹੋ ਜਾਣਗੀਆਂ, ਖੇਤੀ ਦੀ ਪੈਦਾਵਰ ਸੌ ਵਿੱਚੋਂ ਵੀਹ ਹਿੱਸੇ ਰਹਿ ਜਾਵੇਗੀ ਅਤੇ ਅੱਸੀ ਹਿੱਸੇ ਘਟ ਜਾਵੇਗੀ। ਇਸ ਗਰਮੀ ਨੂੰ ਲਿਆਉਣ ਦਾ ਵੱਡਾ ਕਾਰਨ ਕਾਰਖ਼ਾਨਿਆਂ ਵਿੱਚੋਂ ਕੋਲੇ ਦਾ ਸੜਨਾ, ਇੰਞਣਾਂ, ਬੱਸ, ਟਰੱਕਾਂ, ਮੋਟਰਕਾਰਾਂ, ਮੋਟਰਸਾਈਕਲਾਂ ਤੇ ਸਕੂਟਰਾਂ ਵਿੱਚ ਪੈਟਰੋਲ ਦਾ ਸੜਨਾ ਹੈ। ਪੱਥਰ ਦਾ ਕੋਇਲਾ ਸੜੇ, ਲੱਕੜ ਸੜੇ, ਗੋਹਾ ਸੜੇ, ਪੈਟਰੋਲ ਸੜੇ, ਇਨ੍ਹਾਂ ਸਭ ਦੇ ਸੜਨ ਨਾਲ ਗਰਮੀ ਵੀ ਪੈਦਾ ਹੁੰਦੀ ਹੈ ਤੇ ਜ਼ਹਿਰੀਲੀਆਂ ਗੈਸਾਂ ਵੀ ਪੈਦਾ ਹੁੰਦੀਆਂ ਹਨ। ਰੁੱਖ ਇਨ੍ਹਾਂ ਜ਼ਹਿਰੀਲੀਆਂ ਗੈਸਾਂ ਨੂੰ ਖਾਂਦੇ ਹਨ ਤੇ ਜੀਵਾਂ ਨੂੰ ਜਿਊਂਦਾ ਰੱਖਣ ਲਈ ਆਕਸੀਜਨ ਗੈਸ ਪੈਦਾ ਕਰਦੇ ਹਨ। ਪਿੱਪਲ ਤੇ ਬੋਹੜ ਦਾ ਰੁੱਖ ਦੋ ਸੌ ਬੰਦਿਆਂ ਨੂੰ ਜਿਉੂਂਦਾ ਰੱਖਣ ਲਈ ਆਕਸੀਜਨ ਗੈਸ ਪੈਦਾ ਕਰ ਦਿੰਦਾ ਹੈ।ਬੋਹੜ ਦੇ ਰੱੁਖ ਹੇਠਾਂ ਹਵਾ ਠੰਢੀ ਇਸ ਲਈ ਹੋ ਜਾਂਦੀ ਹੈ ਕਿਉਂਕਿ ਬੋਹੜ ਦੇ ਪੱਤੇ ਸੂਰਜ ਦੀ ਧੁੱਪ ਦੀ ਗਰਮੀ ਨੂੰ ਖਾ ਜਾਂਦੇ ਹਨ। ਲੋਕੀਂ ਪੈਦਲ ਤੁਰਨਾ ਨਾ ਛੱਡਣ, ਸਾਈਕਲ ਵਰਤਣ, ਮੋਟਰਕਾਰਾਂ ’ਤੇ ਚੜ੍ਹਨਾ ਛੱਡਣ। ਜਿੱਥੇ ਬਸ ਜਾਂ ਰੇਲਗੱਡੀ ਜਾਂਦੀ ਹੈ ਉੱਥੇ ਲੋਕ ਬਸ ਜਾਂ ਮੋਟਰਕਾਰ ’ਤੇ ਨਾ ਜਾਣ। ਹਰ ਸਿੱਖ ਦਾ ਕਰਤੱਵ ਬਣਦਾ ਹੈ ਕਿ ਉਹ ਆਪਣੀ ਕਮਾਈ ਵਿੱਚੋਂ ਦਸਵੇਂ ਹਿੱਸੇ ਦਾ ਦਸਵੰਧ ਕੱਢ ਕੇ ਦਾਨ ਭੇਜੇ ਤਾਂ ਜੋ ਸ੍ਰੀ ਦਰਬਾਰ ਸਾਹਿਬ ਤੇ ਹੋਰਨਾਂ ਕਈ ਪ੍ਰਸਿੱਧ ਗੁਰਦਵਾਰਿਆਂ ਦੇ ਬੂਹਿਆਂ ਅੱਗੇ ਦੇਸ਼ ਤੇ ਦੁਨੀਆਂ ਨੂੰ ਬਚਾਉਣ ਵਾਲੀ ਪਿੰਗਲਵਾੜੇ ਦੇ ਇਸ਼ਤਿਹਾਰਾਂ ਤੇ ਕਿਤਾਬਚਿਆਂ ਦੁਆਰਾ ਹੋ ਰਹੀ ਨਿਖੇੜਵੀਂ ਸੇਵਾ ਮਾਇਆ ਦੀ ਥੁੜ ਤੋਂ ਪੈਦਾ ਹੋਣ ਵਾਲੇ ਵਿਘਨਾਂ ਤੋਂ ਬਿਨਾਂ ਚੱਲਦੀ ਰਹੇ। ਦੁਨੀਆਂ ਦੀ ਅੱਧੀ ਅਬਾਦੀ ਸਮੁੰਦਰਾਂ ਦੇ ਕਿਨਾਰੇ ਵੱਸਦੀ ਹੈ। ਸਮੁੰਦਰਾਂ ਵਿੱਚ ਬਰਫ਼ ਦੇ ਪਹਾੜ ਖੜ੍ਹੇ ਹਨ। ਜਿਹੜੀ ਗਰਮੀ ਪੈਦਾ ਹੋ ਰਹੀ ਹੈ ਉਹ ਵਾਯੂ-ਮੰਡਲ ਵਿੱਚ ਜਮ੍ਹਾਂ ਹੋ ਰਹੀ ਹੈ। ਉਸ ਗਰਮੀ ਨੇ ਕੁਝ ਸਾਲਾਂ ਤਕ ਏਨੇ ਵਧ ਜਾਣਾ ਹੈ ਕਿ ਉਸ ਨਾਲ ਬਰਫ਼ ਦੇ ਪਹਾੜ ਪਿਘਲ ਜਾਣਗੇ ਜਿਸ ਦੇ ਕਾਰਨ ਸਮੁੰਦਰ ਦਾ ਪਾਣੀ ਏਨਾ ਉੱਚਾ ਹੋ ਜਾਵੇਗਾ ਕਿ ਉਸ ਉੱਚਾਈ ਤੋਂ ਜਿਹੜਾ ਪਾਣੀ ਦਾ ਹੜ੍ਹ ਆਵੇਗਾ ਉਸ ਵਿੱਚ ਡੁੱਬ ਕੇ ਸਮੁੰਦਰ ਦੇ ਕੰਢੇ ਰਹਿਣ
ਵਾਲੇ ਦੁਨੀਆਂ ਦੇ ਅੱਧੇ ਬੰਦੇ, ਜੀਵ-ਜੰਤੂ, ਸਭ ਮਰ ਜਾਣਗੇ। ਮੋਟਰਕਾਰਾਂ, ਮੋਟਰਸਾਈਕਲਾਂ, ਬੱਸਾਂ, ਟਰੱਕਾਂ ਤੇ ਤਿੰਨ ਪਹੀਆਂ ਵਾਲੇ ਸਕੂਟਰ ਰਿਕਸ਼ਿਆਂ ਤੋਂ ਨਿਕਲਣ ਵਾਲੀ ਗਰਮੀ ਦਾ ਪਾਗਲਪਨ ਬਰਫ਼ ਦੇ ਪਹਾੜ ਪਿਘਲਾਏਗਾ ਤੇ ਅੱਧੀ ਦੁਨੀਆਂ ਨੂੰ ਮਰਵਾਏਗਾ। ਹੰਕਾਰ ਦੇ ਪ੍ਰਗਟਾਵੇ ਤੇ ਅਰਾਮ-ਤਲਬੀ ਲਈ ਮੋਟਰਕਾਰਾਂ ਤੇ ਮੋਟਰਸਾਈਕਲਾਂ ਨੂੰ ਵਰਤਣ ਵਾਲੇ ਅਮੀਰਾਂ ਵਜ਼ੀਰਾਂ ਤੇ ਹੋਰਨਾਂ ਅਫ਼ਸਰਾਂ ਨੂੰੰ ਚੀਨ ਦੇਸ਼ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਸ ਦੇਸ਼ ਵਿੱਚ ਕੇਵਲ ਸਰਕਾਰੀ ਮੋਟਰਕਾਰਾਂ ਤੇ ਮੋਟਰਸਾਈਕਲ ਹੀ ਚੱਲਦੇ ਹਨ । ਕੋਈ ਬੰਦਾ ਭਾਵੇਂ ਕੋਈ ਕਿੱਡਾ ਵੱਡਾ ਅਮੀਰ ਜਾਂ ਕਿੱਡਾ ਵੱਡਾ ਅਫ਼ਸਰ ਹੋਵੇ ਉਸਨੂੰ ਮੋਟਰਕਾਰ ਤੇ ਮੋਟਰਸਾਈਕਲ ਵਰਤਣ ਦੀ ਆਗਿਆ ਨਹੀਂ ਹੁੰਦੀ। ਹਰ ਇਕ ਨੂੰ ਬਾਈਸਿਕਲ ਦੀ ਹੀ ਸਵਾਰੀ ਕਰਨੀ ਪੈਂਦੀ ਹੈ।
ਰੱੁਖ ਲਾਉਣੇ ਨਾ ਭੁੱਲੋ ਰੱੁਖਾਂ ਨੂੰ ਲਾਉਣ ਲਈ ਬਰਸਾਤ ਦੇ ਮੌਸਮ ਨੂੰ ਉਡੀਕਦੇ ਰਿਹਾ ਹਰ ਦੇਸ਼ ਦੇ ਚਾਰ ਦੁਸ਼ਮਣ ਹੁੰਦੇ ਹਨ—ਗ਼ਰੀਬੀ, ਬੇਕਾਰੀ,
ਅਨਪੜ੍ਹਤਾ ਤੇ ਰੋਗ ।
ਦੇਸ਼ ਦੇ ਕਰੋੜਾਂ ਬੇਕਾਰ ਬੰਦਿਆਂ ਨੂੰ ਬੇਕਾਰੀ ਤੋਂ ਬਚਾਉਣ ਲਈ ਬੰਜਰ ਜ਼ਮੀਨ ਉੱਤੇ ਰੁੱਖ ਲਾਉਣ ਦੇ ਕੰਮ ’ਤੇ ਲਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਧਰਤੀ ਰੇਤ ਦਾ ਮਾਰੂਥਲ ਹੋਣ ਤੋਂ ਬਚ ਜਾਵੇਗੀ ਤੇ ਅਜਿਹਾ ਕਰਨ ਨਾਲ ਜਿੱਥੇ ਬੇਕਾਰ ਬੰਦੇ ਭੁੱਖ ਨਾਲ ਮਰਨ ਤੋਂ ਬਚ ਜਾਣਗੇ ਉੱਥੇ ਉਹ ਬੇਕਾਰੀ ਦੇ ਕਾਰਨ ਚੋਰ, ਡਾਕੂ ਬਣਨ ਤੋਂ ਭੀ ਬਚ ਜਾਣਗੇ। ਅਜਿਹਾ ਕਰਨ ਲਈ ਅਮੀਰ ਲੋਕ ਮੋਟਰਕਾਰਾਂ ’ਤੇ ਚੜ੍ਹਨਾ ਛੱਡਣ ਤੇ ਗ਼ਰੀਬਾਂ ਵਾਲਾ ਜੀਵਨ ਬਤੀਤ ਕਰਨ, ਬੈਂਕਾਂ ਵਿੱਚੋਂ ਰੁਪਿਆ ਕੱਢ ਕੇ ਬੰਜਰ ਧਰਤੀ ’ਤੇ ਰੁੱਖ ਲਗਾਉਣ ’ਤੇ ਖ਼ਰਚ ਕਰਨ। ਰੱੁਖਾਂ ਦੀ ਘਾਟ ਦੇ ਕਾਰਣ ਪਾਣੀ ਮੁੱਕਦਾ ਜਾ ਰਿਹਾ ਹੈ। ਜੋ ਪੈਟਰੋਲ ਕੋਲਾ ਸੜ ਰਿਹਾ ਹੈ ਉਸ ਨਾਲ ਤੇਜ਼ਾਬ ਦੀ ਵਰਖਾ ਵੀ ਪੈਣ ਲੱਗ ਪੈਣੀ ਹੈ। ਰੁੱਖਾਂ ਤੋਂ ਬਿਨਾਂ ਹਨੇਰੀਆਂ ਲੋਕਾਂ ਦਾ ਜਿਊਣਾ ਦੁਭਰ ਕਰ ਦੇਣਗੀਆਂ। ਰੁੱਖਾਂ ਤੋਂ ਬਿਨਾਂ ਅਨੇਕਾਂ ਦੇਸ਼ਾਂ ਦੀ ਧਰਤੀ ਰੇਤ ਦਾ ਮਾਰੂਥਲ ਹੋ ਚੁੱਕੀ ਹੈ।
Comments