ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ।।
ਪੰਜਾਬੀਓ ਇਸ ਵਕਤ ਮਸਲਾ ਜੋ ਮਹੱਤਵਪੂਰਨ ਹੈ , ਉਹ ਹੈ ਸਾਡੀ ਹਸਤੀ , ਸਾਡਾ ਵਜੂਦ , ਸਾਡੀ ਹੋਂਦ । ਪੰਜਾਬੀ ਬੰਦੇ ਵਿਚੋਂ ਪੰਜਾਬ ਬੋਲਦਾ ਹੈ। ਪੰਜਾਬ ਹਵਾ , ਮਿੱਟੀ , ਪਾਣੀ ਦਾ ਨਿਰਮਲ ਸੋਮਾ ਸੀ ; ਉਪਰੋਂ ਇਸਨੂੰ ਗੁਰਾਂ ਕੀ ਬਾਣੀ ਨੇ ਪਵ੍ਰਿਤ ਕਰਤਾ । ਅੱਜ ਇਹ ਸਭ ਕੁਝ ਖਤਰੇ ਵਿਚ ਹੈ , ਪਰ ਪੰਜਾਬੀ ਪਤਾ ਨੀ ਕਿਹੜੇ ਉਜਲੇ ਭਵਿੱਖ ਦਾ ਹਰਿ ਚੰਦਉਰੀ ਗੱਡਾ ਹਿਕਣ ਵਿਚ ਮਸਰੂਫ਼ ਹਨ। ਮੈਨੂੰ ਲੱਗਦਾ ਸਾਨੂੰ ਵਾਹਿਗੁਰੂ ਦੀ ਕਚਹਿਰੀ ਵਿਚ ਮੁਆਫ਼ੀ ਨੀ ਮਿਲਣੀ , ਕਿਉਂਕਿ ਅਸੀਂ ਗੁਰੂ ਬਾਬੇ ਦੀ ਪੰਜਾਬ ਲਈ ਕਦੇ ਚਿੰਤਤ ਨਹੀਂ ਹੋਏ ।ਪੰਜਾਬ ਦੇ ਦੁਸ਼ਮਣਾਂ ਨੇ ਵੰਡ ਪਿਛੋਂ ਹੀ ਇਸ ਦੀ ਸੰਘੀ ਨਪਣੀ ਸ਼ੁਰੂ ਕਰ ਦਿੱਤੀ ਸੀ । ਪਹਿਲਾਂ ਇਸਦੀ ਛਾਂਗ ਛਗਾਈ ਕੀਤੀ । ਇਥੇ ਉੱਤਮ ਫ਼ਸਲਾਂ ਦੇ ਬੀਜ ਲਿਆ ਕੇ , ਧਰਤੀ ਦੇ ਸੰਤੋਖੀ ਪੁੱਤ ਅੰਦਰ ਲਾਲਚ ਦਾ ਬੀਜ ਸੁਟਿਆ । ਇਕ ਬੰਨੇ ਹਿੰਦ ਨੇ ਆਪਣੇ ਭੁੱਖੇ ਢਿੱਡ ਭਰਨ ਲਈ ਪੰਜਾਬੀਆਂ ਨੂੰ ਬੌਲਦ ਬਣਾ ਕਿ ਜੋਤਿਆ ਤੇ ਸਿਤਮ ਜ਼ਰੀਫ਼ੀ ਉੱਤੋਂ ਇਹ ਕੀਤੀ ਕਿ ਜਦ ਇਹਨੂੰ ਧਿਆ ਲੱਗੀ ਤਾਂ ਨਹਿਰੀ ਪਾਣੀ ਵੱਲ ਜਾਣ ਤੋਂ ਰੋਕ , ਇਸਨੂੰ ਧਰਤੀ ਦੀ ਹਿੱਕ ਪਾੜ ਕੇ ਪਾਣੀ ਕੱਢਣ ਲਈ ਮਜ਼ਬੂਰ ਕੀਤਾ ਤੇ ਇਹ ਸ਼ੁਦਾਈ ਫਿਰ ਜਿਉਂ ਲਾਲਚ ਵਿਚ ਫਸਿਆ ;ਇਸ ਨੇ ਦੋ ਹੀ ਕੰਮ ਕੀਤੇ ਜਾਂ ਤੇ ਧਰਤੀ ਨੂੰ ਜ਼ਹਿਰਾਂ ਦੇ ਅਮਲ ਤੇ ਲਾਇਆ ਜਾਂ ਫਿਰ ਧਰਤੀ ਦੀ ਹਿੱਕ ਨੂੰ ਪਾੜ੍ਹਨ ਤੇ ਧਿਆਨ ਦਿੱਤਾ। ਦੁਸ਼ਮਣਾਂ ਨੇ ਹਰੀ / ਚਿੱਟੀ ਕ੍ਰਾਂਤੀ ਦੇ ਨਾਮ ਤੇ ਇਸ ਦੀਆਂ ਆਉਣ ਵਾਲੀਆਂ ਨਸਲਾਂ ਲਈ ਉਹ ਬੀਮਾਰੀਆਂ ਛੱਡੀਆਂ ਕਿ ਇਹ ਹੁਣ ਵਾਹਿਆ ਬੀਜਿਆ ਵੀ ਲੌਟ ਨੀ ਆਉਂਣ ਲੱਗਾ।
ਪੰਜਾਬ ਨੇ ਕੇਰਾਂ ਅੰਗੜਾਈ ਲਈ ਤਾਂ ਦਿੱਲੀ ਦੀ ਘੂਕ ਨੀਂਦ ਵਿਚ ਖਲਲ ਪਿਆ ਤੇ ਉਸਨੇ ਦੇਖਿਆ ਇਹ ਅੰਗੜਾਈ ਤੇ ਬਾਣੀ ਬਾਣੇ ਦੇ ਪ੍ਰਪਕ ਬੋਲਾਂ ਕਰਕੇ ਹੋਂਦ ਵਿਚ ਆਈ ਹੈ ।ਬਸ ਫਿਰ ਕੀ ਸੀ , ਬਾਣੀ ਦੇ ਸੋਮੇ ਤੇ ਬਾਣੇ ਦੇ ਧਾਰਨੀ ਨਿਸ਼ਾਨੇ ਉੱਤੇ ਆ ਗਏ। ਨ ਮੁਕਣ ਵਾਲੀ ਲੰਮੀ ਖੂਨ ਦੀ ਹੋਲੀ ਖੇਡੀ ਗਈ। ਪੰਜਾਬ ਦੀ ਧਰਤੀ ਵਿੱਚ ਜਿੱਥੇ ਫਸਲ ਸੋਹਣੀ ਉੱਘਦੀ ਹੈ ;ਉਥੇ ਨਦੀਨਾਂ ਦੀ ਵੀ ਕਮੀ ਨਹੀਂ । ਇਥੇ ਜੇ ਪੋਰਸ ਪੈਦਾ ਹੋ ਸਕਦਾ ਤਾਂ ਜੈ ਚੰਦ ਵੀ ਇਥੋਂ ਦੀ ਹੀ ਨਸਲ ਸੀ । ਹਿੰਦ ਨੇ ਆਪਣੇ ਢੰਗ ਤਰੀਕੇ ਨਾਲ ਪੰਜਾਬ ਦੇ ਸਭਿਆਚਾਰ ਨੂੰ ਖੋਰਾ ਲਾਇਆ । ਪੰਜਾਬੀ ਬੰਦਾ ਖੜਨ ਨਾਲੋਂ ਭੱਜਣ ਲੱਗਾ ਜਾਂ ਫਿਰ ਮਜ਼ਬੂਰੀ ਵਿਚ ਸਿਰ ਸੁਟ ਟੁਰਨ ਲੱਗਾ ਭਾਗ ਸਮਝ ਕੇ ।
ਇਸ ਸਾਰੇ ਕਾਸੇ ਵਿਚ ਪਹਿਲਾਂ ਸਾਡੀ ਮਿੱਟੀ , ਫਿਰ ਪਾਣੀ , ਫਿਰ ਹਵਾ , ਫਿਰ ਨਸਲ ਖੁਰਦੀ ਗਈ । ਸਾਡੇ ਅੰਦਰ ਦਾ ਲਾਲਚ ਵੱਡਾ ਹੁੰਦਾ ਗਿਆ ।ਅਣਖੀਲਾ ਪੰਜਾਬ , ਖ਼ੈਰਾਤੀ ਪੰਜਾਬ ਬਣਨ ਵਾਲੇ ਪਾਸੇ ਟੁਰ ਪਿਆ । ਪੰਜਾਬੀ ਬੰਦਿਆਂ ਨੇ ਬਾਣੀ , ਪਾਣੀ , ਮਿੱਟੀ , ਹਵਾ ਦੇ ਦੋਖੀਆਂ ਨੂੰ ਵਾਰ ਵਾਰ ਆਪਣੇ ਤੇ ਰਾਜ ਕਰਨ ਦਾ ਮੌਕਾ ਦਿੱਤਾ ;ਕਿਉਂਕਿ ਦੁਸ਼ਮਣ ਜਾਣਦਾ ਸੀ ਕਿ ਹੁਣ ਇਹ ਬਹੁਤਾ ਸੋਚਣ ਵੀਚਾਰਨ ਦੇ ਸਮਰਥ ਨਹੀਂ ਰਹੇ । ਅੱਧੀ ਸਦੀ ਬਾਅਦ ਸਾਡੇ ਲੋਕਾਂ ਦੀ ਮੰਗ ਗਲੀਆਂ ਨਾਲੀਆਂ ਤੇ ਖਲੋਤੀ ਆ ।
ਪਿੱਛੇ ਜੇ ਪੰਜਾਬੀਆਂ ਵਿਚ ਰੋਹ ਪੈਦਾ ਹੋਇਆ । ਇਹਨਾਂ ਅਕਾਲੀਆਂ ਦਾ ਫਾਸਤਾ ਵਢਿਆ , ਕਿਉਂਕਿ ਇਹਨਾਂ ਨੂੰ ਉਹ ਪੰਥ ਦੋਖੀ ਲੱਗੇ (ਹੈ ਵੀ ਤੇ ਸੱਚ ਸੀ ) , ਪਰ ਹੈਰਾਨੀ ਤੇ ਨਮੋਸ਼ੀ ਇਸ ਗੱਲ ਤੇ ਹੋਈ , ਇਸ ਮੁੱਦੇ ਤੇ ਇਹਨਾਂ ਕਾਂਗਰਸ ਕੀ ਸੋਚ ਕੇ ਜਿਤਾਈ ?ਹੁਣ ਇਹ ਕਾਂਗਰਸ ਤੋਂ ਅੱਕ ਗਏ(ਦੇਰ ਆਇਦ ਦਰੁਸਤ ਆਇਦ) । ਪਰ ਹੁਣ ਇਹਨਾਂ ਨੂੰ ਮੁਨੰਣ ਲਈ ਇਹਨਾਂ ਅੱਗੇ ਦਿੱਲੀ ਮਾਡਲ ਦਾ ਲਾਲਚ ਦਿੱਤਾ ਜਾ ਰਿਹਾ ਤੇ ਮੈਨੂੰ ਉਮੀਦ ਹੈ ਇਹ ਮੁੰਨੇ ਵੀ ਜਾਣਗੇ (ਵੈਸੇ ਜਿਵੇਂ ਰੱਸਾ ਤੁੜਾ ਰਹੇ , ਬਾਬਾ ਇਹਨਾਂ ਨੂੰ ਇਹ ਭੁਝੱਕਾ ਵੀ ਦਿਖਾ ਦੇਵੇ ) ।
ਹੁਣ ਵੀ ਪੰਜਾਬੀ ਚਿੰਤਨ ਤੋਂ ਥੋੜੀ ਕੰਮ ਲੈ ਰਹੇ ਆ । ਬਸ ਅੱਕੇ ਪਏ, ਗੁੱਸੇ ਵਿੱਚ ਨੇ , ਥੱਕੇ ਹੋਏ ਨੇ । ਮੈਂਨੂੰ ਪਤਾ, ਹੈ ਤੇ ਔਖਾ, ਪਰ ਫਿਰ ਕੀ ਅਜੇ ਤੱਕ ਕੋਈ ਪੰਜਾਬ ਨੂੰ ਬਚਾਉਣ ਦਾ ਥਾਟ ਇਹਨਾਂ ਸਾਹਮਣੇ ਰੱਖਿਆ ਗਿਆ ।ਪੰਜਾਬ ਪੰਜਾਬ ਹੈ ਤੇ ਦਿੱਲੀ ਦਿੱਲੀ । ਪੰਜਾਬੀਓ ਮਸਲੇ ਹੋਂਦ /ਹਸਤੀ ਦੇ ਨੇ , ਮਿੱਟੀ ਥੋੜੀ ਖਾਧੀ ਗਈ, ਜ਼ਹਿਰ ਪੈਦਾ ਕਰ ਕਰ , ਧਰਤੀ ਵਿਚਲੇ ਪਾਣੀ ਦੀਆਂ ਦੋ - ਤਿੰਨ ਲੇਅਰਾਂ ਆਪਾਂ ਚੁਕ ਦਿੱਤੀਆਂ ਨੇ ; ਉੱਤੋਂ ਫੈਕਟਰੀਆਂ ਦੇ ਕੈਮਕਲ ਦਾ ਪਾਣੀ ਧਰਤੀ 'ਚ ਜਾ ਕੇ ਜੋ ਖਰਾਬੀ ਪੈਦਾ ਕਰ ਚੁਕਾ ਉਹਦਾ ਹੱਲ ਕੋਈ ਨਹੀ , ਨਸਲਾਂ ਖਤਰੇ ਵਿਚ ਨੇ ;
ਜੰਗਲ ਪੰਜਾਬ ਵਿਚੋਂ ਚੁਕਿਆ ਗਿਆ ,
ਮੱਤੇਵਾਲ ਵੇਚਣ ਦੀ ਤਿਆਰੀ ਹੈ
ਭਾਖੜਾ ਸਾਡੇ ਤੋਂ ਖੋਹ ਲਿਆ ਗਿਆ ਹੈ
ਸਾਡੀ ਪੜ੍ਹਾਈ ਨੂੰ ਕੇਂਦਰ ਆਪਣੇ ਕੋਲ ਲੈ ਗਿਆ ਹੈ
ਚੰਡੀਗੜ੍ਹ ਵਿਚੋਂ ਹਿੱਸਾ ਬਾਹਰ ਕੱਢ ਦਿੱਤਾ ਗਿਆ ਹੈ
ਹੁਣ ਪਹਿਚਾਣ ਕਰਨੀ ਪਵੇਗੀ ਕਿ ਸਾਡੇ ਕੋਲ ਬਚਿਆ ਕੀ ਹੈ
ਤੇ ਓਸੇ ਦੇ ਆਧਾਰ ਉੱਤੇ ਭਵਿੱਖਤ ਰਣਨੀਤੀਆਂ ਘੜ੍ਹੀਆਂ ਜਾਣਗੀਆਂ
ਯੂ ਪੀ ਬਿਹਾਰ ਵਰਗੀ ਰਾਜਨੀਤੀ ਪੰਜਾਬ ਵਿਚ ਧੱਕੀ ਜਾ ਰਹੀ ਹੈ, ਹੁਣ ਨਿਰਣਾ ਤੁਸੀਂ ਕਰਨਾ ;
ਬਾਬੇ ਕੰਵਲ ਦੇ ਕਹਿਣ ਵਾਂਗ ਪੰਜਾਬੀਓ ਜੀਣਾ ਕਿ ਮਰਨਾ !
Shamsher singh
ਵੀਰ ਲੋੜ ਆ ਪਿੰਡਾਂ ਚ ਹੋਕਾ ਦੇਣ ਦੀ ,ਹਾਡੇ ਪਿੰਡ ਆਲੇ ਤਾਂ ਬਹੁਤੇ ਆਹੋ ਸਿਸਟਮ ਚ ਰਹਿਣਾ ਗਿਝੇ ਪਏ ਆ , ਕੋਈ ਫ਼ਿਕਰ ਫਾਕਾ ਨੀਂ , ਜੇ ਕਿਤੇ ਮਹਿੰਗਾਈ ਦੀ ਮਾਰ ਪਵੇ ਤਾਂ ਕਸੂਰ ਸਰਕਾਰ ਤੇ ਕੱਢਦੇ ਕੇ ਹੋਰ ਕਿਸੇ ਨੂੰ ਬਣਾਉ ਇਹ ਸਹੀ ਨਹੀਂ , ਕੇਂਦਰ ਵੱਲ ਧਿਆਨ ਹੀ ਨਹੀਂ।
ਰਹੀ ਗੱਲ ਪਾਣੀਆਂ ਦੀ ਤਾਂ ਓਦੀ ਚਿੰਤਾ ਹੈ ਈ ਨੀ
ਆਪਣੇ ਨਾਲ ਯਾਰ ਬੇਲੀ ਨੇਂ ਓ ਸਮਝਾਉਣ , ੧੮ ੧੯ ਸਾਲ ਦਿਆਂ ਨੂੰ ਨਾਲ ਜੋੜੀਏ, ਸਮਝਾਈਏ
ਬਾਕੀ ਗੁਰੂ ਸਾਹਿਬਾਨ ਦੇ ਆਸਰੇ