ਪੰਥ ਲਈ ਕੁਰਬਾਨੀ ਕਰਕੇ ਕਈ ਲੋਕ ਇਸ ਪ੍ਰਕਾਰ ਆਲੋਪ ਹੋਏ ਹਨ ਕਿ ਉਹਨਾਂ ਦੀ ਸਾਰ ਲੈਣ ਲਈ ਕੋਈ ਵੀ ਅਗੇ ਨਹੀਂ ਆ ਰਿਹਾ । ਅਜਿਹਾ ਹੀ ਕੁਝ ਵਾਪਰ ਰਿਹਾ ਹੈ ਗਦਰੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਜਿਹਨਾਂ ਦੇ ਵਾਰਿਸ ਅੱਜਕਲ੍ਹ ਆਪਣੇ ਅਤੀਤ ਦੇ ਇਤਿਹਾਸ ਕਾਰਣ ਆਪਣਾ ਵਰਤਮਾਨ ਗੁਰਬਤ ਵਿਚ ਬਤੀਤ ਕਰ ਰਹੇ ਸਨ । ਇਹਨਾਂ ਦੇ ਅਤੀਤ ਵਿਚ ਸਰਕਾਰ ਵਲੋਂ ਇਹਨਾਂ ਦੇ ਬਾਬੇਆਂ ਦੀਆਂ ਜ਼ਮੀਨਾਂ ਕੁਰਕ ਕਰਨ ਕਰਕੇ ਇਹਨਾਂ ਦੀ ਜ਼ਿੰਦਗੀ ਦਾ ਆਹ ਹਾਲ ਹੈ ।
ਰਿਸ਼ਕਾ ਚਲਾਕੇ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਿਹਾ ਚੋਟੀ ਦੇ ਬੱਬਰ ਦਾ ਪੁੱਤਰ
ਅਮਰਜੀਤ ਸਿੰਘ ਪੁੱਤਰ ਭਾਈ ਚੰਨਣ ਸਿੰਘ ਪਾਲਕ ਪੁੱਤਰ ਬਘੇਲ ਸਿੰਘ ਅੱਜ ਆਪਣਾ ਗੁਜ਼ਾਰਾ ਰਿਸ਼ਕਾ ਚਲਾ ਕੇ ਕਰ ਰਿਹਾ ਹੈ । ਪਰਿਵਾਰ ਉਜੜ੍ਹ ਚੁੱਕਾ ਹੈ । ਕੁਰਕ ਹੋਈ ਜ਼ਮੀਨ ਪਿੰਡ ਦੇ ਹੀ ਕੀ ਲੋਕ ਵਾਹ ਰਹੇ ਹਨ ।
ਭਾਈ ਚੰਨਣ ਸਿੰਘ ਬੂੜਚੰਦ ਨੂੰ ਕਈ ਕੇਸਾਂ ਤੋਂ ਇਲਾਵਾ ਜਗਤਪੁਰ ਕਤਲ ਕੇਸ ਵਿਚ ਫਾਂਸੀ ਤੇ ਜਾਇਦਾਦ ਜਬਤੀ ਦੀ ਸਜ਼ਾ ਦਿੱਤੀ ਗਈ। ਚੰਨਣ ਸਿੰਘ ਦੀ ਫਾਂਸੀ ਵਕਤ ਉਸ ਉੱਤੇ 17 ਕੇਸ ਸਨ ਜਿਹਨਾਂ ਚ ਮਸ਼ਹੂਰ ਵੱਲਾ ਕਾਂਡ ਤੇ ਕਪੂਰਾ ਪੱਧਰੀ ਵਰਗੇ ਕੇਸ ਸ਼ਾਮਲ ਹਨ । ਅੰਗਰੇਜ ਦੇ ਪਿੱਠੂ ਕਪੂਰੇ ਪੱਧਰੀ ਨੂੰ ਸੋਧਣ ਦੇ ਚੱਲੇ ਪੱਧਰੀ ਕਤਲ ਕੇਸ ਤੇ ਹੋਰ ਕੇਸਾਂ ਵਿਚ ਬਘੇਲ ਸਿੰਘ ਬੂੜਚੰਦ ਵੱਲੋਂ ਪੌਣੇ 24 ਸਾਲ ਕੈਦ ਕੱਟਣ ਤੋਂ ਇਲਾਵਾ ਜਾਇਦਾਦ ਜਬਤ ਕੀਤੀ ਗਈ।।ਦੱਸਣਯੋਗ ਹੈ ਕਿ ਇਨ੍ਹਾਂ ਦੋਵੇਂ ਗਦਰੀ ਭਰਾਵਾਂ ਵਿਚੋਂ ਚੰਨਣ ਸਿੰਘ ਗਦਰੀ ਕੁਆਰਾ ਸੀ ਜਦੋਂ ਕਿ ਬਘੇਲ ਸਿੰਘ ਗਦਰੀ ਬੂੜਚੰਦ ਜਦੋਂ ਜੇਲ ਕੱਟ ਕੇ ਘਰ ਪਹੁੰਚਿਆ ਤਾਂ ਉਨ੍ਹਾਂ ਦੇ ਮਾਤਾ ਪਿਤਾ, ਧਰਮ ਪਤਨੀ ਤੇ ਇਕ ਲੜਕਾ ਰੱਬ ਨੂੰ ਪਿਆਰੇ ਹੋ ਚੁੱਕੇ ਸਨ।
ਅਕਾਲੀ-ਭਾਜਪਾ ਸਰਕਾਰ ਵੇਲੇ ਬਘੇਲ ਸਿੰਘ ਗਦਰੀ ਦੀ ਕਾਨੂੰਨਨ ਬਣੀ ਪਤਨੀ, ਗੋਦ ਲਏ ਪੁੱਤਰ ਅਮਰਜੀਤ ਸਿੰਘ ਦੀ ਮਾਤਾ ਤੇ ਗਦਰੀ ਸ਼ਹੀਦ ਚੰਨਣ ਸਿੰਘ ਦੀ ਭਰਜਾਈ ਪ੍ਰਕਾਸ ਕੌਰ ਜੋ ਕਿ ਮੰਦਹਾਲੀ ਦੇ ਦਿਨ ਗੁਜਾਰਦੀ ਹੋਈ ਕੁਝ ਅਰਸਾ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ ਦੇ ਭੋਗ ਮਗਰੋਂ ਗਦਰੀਆਂ ਦੀ ਯਾਦ ‘ਚ ਯਾਦਗਾਰੀ ਗੇਟ ਜੋ ਕਿ ਚਾਰ ਲੱਖ ਦੀ ਲਾਗਤ ਨਾਲ ਤਾਂ ਸਥਾਪਤ ਕਰ ਦਿੱਤਾ ਗਿਆ। ਪ੍ਰੰਤੂ ਪਰਿਵਾਰ ਦੀ ਹਾਲਤ ਓਂਦਾ ਹੀ ਹੈ ।
ਹੋਰ ਪਰਿਵਾਰਾਂ ਦੀ ਲਿਸਟ
1: ਸ਼ਹੀਦ ਕਾਲਾ ਸਿੰਘ ਪਿੰਡ ਜਗਤਪੁਰ, ਜ਼ਿਲ੍ਹਾ ਤਰਨ ਤਾਰਨ ਨੂੰ ਵੀ ਜਗਤਪੁਰ ’ਤੇ ਵੱਲਾ ਪੁਲ ਕੇਸ ਵਿੱਚ ਅੰਗਰੇਜ਼ ਹਾਕਮਾਂ ਨੇ 9-8-1915 ਨੂੰ ਫਾਂਸੀ ਦਿੱਤੀ ਸੀ। ਇਨ੍ਹਾਂ ਦਾ ਪਰਿਵਾਰ ਅਤਿ ਗ਼ਰੀਬ ਹੈ। ਪਰਿਵਾਰ ਦਾ ਇੱਕ ਮੈਂਬਰ ਭਿੱਖ ਮੰਗਣ ਲਈ ਮਜਬੂਰ ਹੈ। ਇਸ ਪਰਿਵਾਰ ਦੀ ਜ਼ਮੀਨ ਗ਼ਦਰੀ ਕਾਲਾ ਸਿੰਘ ਨੂੰ ਸਜ਼ਾ ਦੇਣ ਸਮੇਂ ਜ਼ਬਤ ਹੋਈ ਸੀ। ਉਹ ਜ਼ਮੀਨ ਪਿੰਡ ਦਾ ਹੀ ਇੱਕ ਸ਼ਾਹੂਕਾਰ ਵਾਹ ਰਿਹਾ ਹੈ। ਇਨ੍ਹਾਂ ਨੇ ਜ਼ਮੀਨ ਦਾ ਕਬਜ਼ਾ ਲੈਣ ਲਈ ਕੇਸ ਵੀ ਜਿੱਤੇ ਹਨ, ਪਰ ਸਰਕਾਰ ਹੁਣ ਤਕ ਕਾਲਾ ਸਿੰਘ ਦੇ ਪਰਿਵਾਰ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਦਿਵਾ ਸਕੀ।
2: ਸ਼ਹੀਦ ਇੰਦਰ ਸਿੰਘ ਪਿੰਡ ਪੱਧਰੀ, ਜ਼ਿਲ੍ਹਾ ਤਰਨ ਤਾਰਨ ਨੂੰ ਬ੍ਰਿਟਿਸ਼ ਹਾਕਮਾਂ ਨੇ 16-5-1916 ਨੂੰ ਪੱਧਰੀ ਕਤਲ ਕੇਸ ਵਿੱਚ ਫਾਂਸੀ ਦਿੱਤੀ ਸੀ। ਇਨ੍ਹਾਂ ਦੇ ਗ਼ਰੀਬ ਪਰਿਵਾਰ ਦੀ ਜ਼ਮੀਨ ਵੀ ਪਿੰਡ ਦਾ ਇੱਕ ਧਨਾਢ ਕਿਸਾਨ ਦੱਬੀ ਬੈਠਾ ਹੈ। ਇਨ੍ਹਾਂ ਵੀ ਕਬਜ਼ਾ ਲੈਣ ਦੇ ਕੇਸ ਜਿੱਤੇ ਹਨ, ਪਰ ਹੁਣ ਤਕ ਕਬਜ਼ਾ ਨਹੀਂ ਲੈ ਸਕੇ।
3: ਸ਼ਹੀਦ ਹਰਨਾਮ ਸਿੰਘ ਤੇ ਆਤਮਾ ਸਿੰਘ ਪਿੰਡ ਠੱਠੀ ਖਾਰਾ, ਜ਼ਿਲ੍ਹਾ ਤਰਨ ਤਾਰਨ ਨੂੰ ਹਾਕਮਾਂ ਨੇ 9-8-1915 ਨੂੰ ਵੱਲੇ ਪੁਲ ਕੇਸ ਵਿੱਚ ਫਾਂਸੀ ਦਿੱਤੀ ਸੀ। ਇਨ੍ਹਾਂ ਦੋਵਾਂ ਗ਼ਦਰੀਆਂ ਦੇ ਪਰਿਵਾਰ ਵੀ ਛੋਟੀ ਕਿਸਾਨੀ ਵਿੱਚੋਂ ਹਨ। ਘਰ ਇਨ੍ਹਾਂ ਦੇ ਗ਼ਰੀਬੀ ਚ ਈ ਹਨ ।
4: ਸ਼ਹੀਦ ਵਧਾਵਾ ਸਿੰਘ, ਭਾਗ ਸਿੰਘ ਤੇ ਤਾਰਾ ਸਿੰਘ ਪਿੰਡ ਰੂੜੀਵਾਲਾ, ਜ਼ਿਲ੍ਹਾ ਤਰਨ ਤਾਰਨ ਨੂੰ ਬ੍ਰਿਟਿਸ਼ ਹਕੂਮਤ ਨੇ 3-9-1915 ਨੂੰ ਮੀਆਂ ਮੀਰ ਲਾਹੌਰ ਦੇ 23ਵੇਂ ਰਸਾਲੇ ਵੱਲੋਂ ਬਗ਼ਾਵਤ ਕਰਨ ਦੇ ਜੁਰਮ ਵਿੱਚ ਫਾਂਸੀ ਦਿੱਤੀ ਸੀ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਘਰਾਂ ਦੀ ਹਾਲਤ ਵੀ ਤਰਸਯੋਗ ਹੈ।
5: ਸੂਬੇਦਾਰ ਇੰਦਰ ਸਿੰਘ ਪਿੰਡ ਜੀਓਬਾਲਾ, ਜ਼ਿਲ੍ਹਾ ਤਰਨ ਤਾਰਨ ਨੂੰ ਅੰਗਰੇਜ਼ਾਂ ਨੇ 23ਵੇਂ ਰਸਾਲੇ ਦੀ ਬਗ਼ਾਵਤ ਵਿੱਚ ਹਿੱਸਾ ਲੈਣ ਕਰਕੇ 3-9-1915 ਨੂੰ ਫਾਂਸੀ ਦਿੱਤੀ ਸੀ। ਉਨ੍ਹਾਂ ਦੇ ਪਰਿਵਾਰ ਦੀ ਵਾਰਿਸ ਇੱਕ ਵਿਧਵਾ ਹੈ। ਘਰ ਵਿੱਚ ਇੱਕੋ ਕੋਠਾ ਹੈ ।
コメント