top of page
Writer's pictureShamsher singh

ਕਾਗਜ਼ ਰਾਹੀਂ ਪੰਜਾਬ ਦਾ ਉਜਾੜ੍ਹਾ

ਕਾਗ਼ਜ਼ ਬਹੁਤ ਮਹਿੰਗਾ ਹੋ ਚੁੱਕਿਆ ਹੈ। ਦੂਜੇ ਦੇਸ਼ਾਂ ਤੋਂ ਵੀ ਸਾਡੇ ਦੇਸ਼ ਨੂੰ ਭਾਰੇ ਮੁੱਲ ’ਤੇ ਕਾਗ਼ਜ਼ ਆ ਰਿਹਾ ਹੈ। ਗ਼ਰੀਬ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਕਾਪੀਆਂ ਦਾ ਖ਼ਰਚ ਦੇਣਾ ਅਸੰਭਵ ਹੋ ਰਿਹਾ ਹੈ। ਕਾਗ਼ਜ਼ ਰੁੱਖਾਂ ਤੋਂ ਬਣਦਾ ਹੈ। ਦੇਸ਼ ਵਿੱਚ ਰੁੱਖਾਂ ਦੀ ਚਿੰਤਾਜਨਕ ਹੱਦ ਤਕ ਘਾਟ ਪੈਦਾ ਹੋ ਚੁੱਕੀ ਹੈ, ਜਿਸ ਦੇ ਕਾਰਨ ਦੇਸ਼ ਦੀ ਧਰਤੀ ਰੇਤਾ ਬਣਦੀ ਜਾ ਰਹੀ ਹੈ। ਰੁੱਖਾਂ ਦੀ ਘਾਟ ਦੇ ਕਾਰਨ ਭਾਖੜਾ ਡੈਮ ਜੈਸੀਆਂ ਪਾਣੀ ਦੀਆਂ ਡੈਮਾਂ ਪਹਾੜਾਂ ਤੋਂ ਖੁਰ-ਖੁਰ ਕੇ ਆਉਣ ਵਾਲੀ ਮਿੱਟੀ ਨਾਲ ਬੜੀ ਤੇਜ਼ੀ ਨਾਲ ਭਰ ਰਹੀਆਂ ਹਨ। ਭਾਖੜਾ ਡੈਮ ਨੂੰ ਬਣਾਉਣ ਲਈ ਬਹੁਤ ਸਾਰੇ ਪਿੰਡ ਉਜਾੜੇ ਗਏ ਸਨ। ਸਾਰਾ ਰਕਬਾ ਜੰਗਲਾਂ ਦਾ ਰਕਬਾ ਸੀ, ਜਿਸ ਦੀ ਕਟਾਈ ਕਰਕੇ ਡੈਮ ਬਣਾਈ ਗਈ। ਇਸ ਨੂੰ ਬਣਾਉਣ ਲਈ ਰਕਮ ਵੀ ਪਹਾੜ ਜਿੱਡੀ ਖ਼ਰਚ ਹੋਈ। ਅਜਿਹੇ ਖ਼ਰਚਾਂ ਲਈ ਦੇਸ਼ ਦੇ ਸਿਰ ’ਤੇ ਦੂਜੇ ਦੇਸ਼ਾਂ ਦਾ ਪਹਾੜ ਜਿੱਡਾ ਕਰਜ਼ਾ ਚੜ੍ਹ ਚੁੱਕਿਆ ਹੈ (ਜਿਸਦਾ ਨਿਪਟਾਰਾ ਪੰਜਾਬ ਸਿਰ ਆਇਆ ਹੈ)। ਮਨੋਰਥ ਖੇਤੀ ਲਈ ਨਹਿਰਾਂ ਕੱਢਣਾ ਅਤੇ ਬਿਜਲੀ ਪੈਦਾ ਕਰਨਾ ਸੀ; ਪਰ ਜਿਸ ਵੇਲੇ ਉੱਪਰ ਲਿਖੇ ਖ਼ਰਚਾਂ ਨਾਲ ਡੈਮ ਬਣੀ ਤਾਂ ਆਸ ਕੀਤੀ ਗਈ ਸੀ ਕਿ ਡੈਮ ਪੰਜ ਸੌ ਸਾਲ ਤਕ ਪਾਣੀ ਨਾਲ ਭਰੀ ਰਹੇਗੀ। ਪਰ ਦੇਸ਼ ਵਾਸੀਆਂ ਦੀਆਂ ਮੇਜ਼ਾਂ ਕੁਰਸੀਆਂ ’ਤੇ ਰੋਟੀ ਖਾਣ ਜੈਸੀਆਂ ਫ਼ਜ਼ੂਲ ਖ਼ਰਚੀਆਂ ਨੇ ਇਤਨੇ ਰੁੱਖ ਪਹਾੜਾਂ ਤੋਂ ਕਟਾ ਦਿੱਤੇ ਹਨ ਕਿ ਇਹ ਡੈਮ ਅੱਧੀ ਉਮਰ ਤੋਂ ਪਹਿਲਾਂ ਹੀ ਗਾਰ ਨਾਲ ਭਰ ਜਾਵੇਗੀ ਜਿਸ ਦੇ ਕਾਰਨ ਨਹਿਰਾਂ ਬੰਦ ਹੋ ਜਾਣਗੀਆਂ ਤੇ ਬਿਜਲੀ ਦੀ ਪੈਦਾਵਾਰ ਵੀ ਬੰਦ ਹੋ ਜਾਵੇਗੀ। ਪਹਾੜਾਂ ਵਿੱਚ ਜਿਹੜੀ ਮਿੱਟੀ ਪਾਣੀ ਨਾਲ ਖੁਰਦੀ ਹੈ ਤੇ ਮੈਦਾਨਾਂ ਵਿੱਚ ਹਵਾ ਨਾਲ ਖੁਰਦੀ ਹੈ ਉਸ ਵਿੱਚੋਂ ਧਰਤੀ ਦਾ ਜਿਹੜਾ ਅੱਠ ਇੰਚ ਉਤਲਾ ਹਿੱਸਾ ਹੁੰਦਾ ਹੈ ਉਹ ਬਹੁਤ ਕੀਮਤੀ ਹੁੰਦਾ ਹੈ । ਉਸ ਵਿੱਚ ਜਿਣਸਾਂ ਨੂੰ ਪੈਦਾ ਕਰਨ ਵਾਲੇ ਸਾਰੇ ਤੱਤ ਹੁੰਦੇ ਹਨ। ਉਹ ਮਿੱਟੀ ਭਾਰਤ ਵਿੱਚ ਹਰ ਸਾਲ ਛੇ ਹਜ਼ਾਰ ਟਨ ਸਾਲਾਨਾ ਦੇ ਹਿਸਾਬ ਨਾਲ ਪਾਣੀ ਤੇ ਹਵਾ ਨਾਲ ਖੁਰਰਹੀ ਹੈ ਤੇ ਖੁਰ-ਖੁਰ ਕੇ ਡੈਮਾਂ ਨੂੰ ਵੀ ਭਰ ਰਹੀ ਹੈ ਤੇ ਸਮੁੰਦਰ ਨੂੰ ਵੀ ਜਾ ਰਹੀ ਹੈ। ਉਹ ਪਰਤ ਕੇ ਆਪਣੀ ਥਾਂ ’ਤੇ ਨਹੀਂ ਆਵੇਗੀ। ਉਸ ਦੇ ਖੁਰ ਜਾਣ ਨਾਲ ਧਰਤੀ ਦੀ ਉਪਜਾਊ-ਸ਼ਕਤੀ ਪੂਰਨ ਤੌਰ ’ਤੇ ਸਮਾਪਤ ਹੋ ਸਕਦੀ ਹੈ। ਰੁੱਖਾਂ ਦੀ ਘਾਟ ਦੇ ਕਾਰਨ ਇਹ ਕਹਿਰ ਭਾਰਤ ਨਾਲ ਲਗਾਤਾਰ ਵਰਤ ਰਿਹਾ ਹੈ। ਮਿੱਟੀ ਖੁਰਨ ਤੋਂ ਤਾਂ ਹੀ ਬਚ ਸਕਦੀ ਹੈ ਜੇਕਰ ਧਰਤੀ ਉੱਤੇ ਰੁੱਖਾਂ ਦਾ ਸਮੁੱਚੇ ਤੌਰ ’ਤੇ ਰਕਬਾ 33 ਪ੍ਰਤੀਸ਼ਤ ਹੋਵੇ, ਪਹਾੜਾਂ ਵਿੱਚ 60 ਪ੍ਰਤੀਸ਼ਤ ਤੇ ਮੈਦਾਨਾਂ ਵਿੱਚ 21 ਪ੍ਰਤੀਸ਼ਤ ; ਪਰ ਭਾਰਤ ਵਿੱਚ ਇਹ ਰਕਬਾ ਘਟ ਕੇ 33 ਪ੍ਰਤੀਸ਼ਤ ਦੀ ਥਾਂ 10 ਪ੍ਰਤੀਸ਼ਤ ਰਹਿ ਗਿਆ ਹੈ। ਜੇਕਰ ਦੇਸ਼-ਵਾਸੀ ਪਹਿਲਾਂ ਵਾਂਙ ਹੀ ਮੇਜ਼ ਕੁਰਸੀਆਂ ਤੇ ਡਬਲ-ਬੈੱਡ ਮੰਜਿਆਂ ਜੈਸੀਆਂ ਹੰਕਾਰ ਦਾ ਪ੍ਰਗਟਾਵਾ ਕਰਨ ਵਾਲੀਆਂ ਵਸਤਾਂ ਲਈ ਰੱੁਖਾਂ ਦੀ ਕਟਾਈ ਅੰਨ੍ਹੇਵਾਹ ਕਰਦੇ ਰਹੇ ਤੇ ਜੰਗਲਾਂ ਦਾ ਬਾਕੀ ਬਚਿਆ ਦਸ ਪ੍ਰਤੀਸ਼ਤ ਰਕਬਾ ਵੀ ਘਟਾ ਬੈਠੇ ਤਾਂ ਪੰਦਰਾਂ ਸਾਲਾਂ ਤਕ ਸੋਕਿਆਂ ਦੇ ਕਾਰਨ ਭਾਰਤ ਵਿੱਚ ਭਿਆਨਕ ਕਾਲ ਪੈਦਾ ਹੋ ਕੇ ਦੇਸ਼ ਦੀ ਅਬਾਦੀ ਨੂੰ ਹੂੰਝਾ ਫੇਰ ਦੇਵੇਗਾ, ਫੇਰ ਲੋਕਾਂ ਨੂੰ ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਭਿਆਨਕ ਸਿੱਟਿਆਂ ਦਾ ਪਤਾ ਲੱਗੇਗਾ। ਜੇ ਪਹਾੜਾਂ ਵਿੱਚ 60 ਪ੍ਰਤੀਸ਼ਤ ਰੁੱਖ ਹੋਣ ਤਾਂ ਵਰਖਾ ਦੀ ਕਣੀ ਰੁੱਖਾਂ ਦੇ ਪੱਤਿਆਂ ’ਤੇ ਡਿੱਗਦੀ ਹੈ ਧਰਤੀ ’ਤੇ ਨਹੀਂ ਡਿੱਗਦੀ। ਇਸ ਲਈ, ਧਰਤੀ ਉਸ ਕਣੀ ਨਾਲ ਖੁਰਨ ਤੋਂ ਬਚ ਜਾਂਦੀ ਹੈ। ਪਹਾੜਾਂ ਵਿੱਚੋਂ ਰੁੱਖਾਂ ਦੀ ਘਾਟ ਸੌ ਵਿੱਚੋਂ ਚਾਲੀ ਹਿੱਸੇ ਤੋਂ ਜ਼ਿਆਦਾ ਹੋ ਜਾਵੇ ਤਾਂ ਕਣੀ ਸਿੱਧੀ ਧਰਤੀ ਉੱਤੇ ਡਿਗਦੀ ਹੈ। ਪਹਾੜਾਂ ਵਿੱਚ ਤਾਂ ਰੁੱਖ ਏਨੇ ਵੱਢੇ ਜਾ ਚੁੱਕੇ ਹਨ ਕਿ ਕਿਸੇ ਥਾਂ ਉੱਤੇ 60 ਪ੍ਰਤੀਸ਼ਤ ਦੀ ਥਾਂ 15 ਪ੍ਰਤੀਸ਼ਤ ਹੀ ਰਹਿ ਗਏ ਹਨ। ਜੇ ਮੈਦਾਨਾਂ ਵਿੱਚ ਰੁੱਖ 21 ਪ੍ਰਤੀਸ਼ਤ ਨਾ ਰਹਿਣ ਜਿਵੇਂ ਪੰਜਾਬ ਵਿੱਚ 5 ਪ੍ਰਤੀਸ਼ਤ, ਬਠਿੰਡੇ ਜ਼ਿਲ੍ਹੇ ਵਿੱਚ ਇਕ ਪ੍ਰਤੀਸ਼ਤ ਰਹਿ ਗਏ ਹਨ ਤਾਂ ਹਨੇਰੀਆਂ ਅੱਠ ਇੰਚ ਮਿੱਟੀ ਨੂੰ ਉਡਾ ਕੇ ਹਜ਼ਾਰਾਂ ਮੀਲਾਂ ਦੀ ਦੂਰੀ ’ਤੇ ਲੈ ਜਾਂਦੀਆਂ ਹਨ। ਰਾਜਸਥਾਨ ਦਾ ਮਾਰੂਥਲ ਰੁੱਖਾਂ ਦੀ ਘਾਟ ਦੇ ਕਾਰਨ ਅੱਠ ਕਿਲੋਮੀਟਰ ਦੇ ਹਿਸਾਬ ਨਾਲ ਹਰਿਆਣੇ ਵੱੱਲ ਨੂੰ ਆ ਰਿਹਾ ਹੈ, ਇਸ ਨੇ ਬਠਿੰਡੇ ਨੂੰ ਵੀ ਘੇਰਨਾ ਹੈ। ਰੁੱਖਾਂ ਦੀ ਘਾਟ ਦੇ ਕਾਰਨ ਦੋ ਹਨ— ਇਕ ਅਬਾਦੀ ਦਾ ਵਾਧਾ, ਦੂਸਰਾ ਘਰਾਂ ਵਿੱਚ ਮੇਜ਼ ਕੁਰਸੀਆਂ ਉੱਤੇ ਬੈਠ ਕੇ ਰੋਟੀ ਖਾਣਾ,ਕੰਧਾਂ ਦੀ ਸਜਾਵਟ ਕਰਨਾ, ਡਬਲ-ਬੈੱਡ ਪਲੰਘਾਂ ’ਤੇ ਸੌਣਾ, ਕਈ-ਕਈ ਕਮਰਿਆਂ ਵਾਲੀਆਂ ਕੋਠੀਆਂ ਵਿੱਚ ਰਹਿਣਾ, ਹਰ ਕਮਰੇ ਵਿੱਚ ਕਾਗ਼ਜ਼ ਦੀ ਵਰਤੋਂ ਕਰਨਾ; ਜਿਵੇਂ ਲਿਫ਼ਾਫ਼ਿਆਂ ਵਿੱਚ ਵਸਤਾਂ ਘਰਾਂ ਨੂੰ ਲਿਆਉਣਾ, ਵੇਲ ਬੂਟਿਆਂ ਵਾਲੇ ਮਹਿੰਗੇ ਕਾਗ਼ਜ਼ ਵਾਲੇ ਡੱਬਿਆਂ ਵਿੱਚ ਮਿਠਆਈ ਘਰ ਨੂੰ ਲਿਆਉਣਾ, ਕੋਠੀਆਂ ਦੀਆਂ ਕੰਧਾਂ ਨੂੰ ਫੁੱਲਦਾਰ ਮੋਟੇ ਕਾਗ਼ਜ਼ ਨਾਲ ਸਜਾਉਣਾ; ਕੰਧਾਂ ’ਤੇ ਲੱਗਣ ਵਾਲੇ ਸਿਨੇਮਿਆਂ ਦੇ ਇਸ਼ਤਿਹਾਰ ਤੇ ਮੋਮੀ ਕਾਗ਼ਜ਼ ਵਾਲੇ ਮਾਸਿਕ-ਪੱਤਰਾਂ ’ਤੇ ਛਪਣ ਵਾਲੇ ਸਕੂਟਰਾਂ, ਸਿਗਰਟਾਂ ਤੇ ਵਧੀਆ ਕੱਪੜਿਆਂ ਤੇ ਹਵਾਈ ਜਹਾਜ਼ਾਂ ਦੇ ਇਸ਼ਤਿਹਾਰਾਂ ਤੇ ਗੰਦੀਆਂ ਤਸਵੀਰਾਂ ਉੱਤੇ ਕਾਗ਼ਜ਼ ਨੂੰ ਉਜਾੜਨਾ ਆਦਿ। ਇਹ ਸਭ ਖ਼ਰਚ ਉਜਾੜਦੇ ਹਨ । ਹੁਣ ਤਾਂ ਇਕ ਹੋਰ ਕਹਿਰ ਵਰਤਣ ਲੱਗ ਪਿਆ ਹੈ- ਕੋਲਿਆਂ ਦੀ ਥੁੜ ਕਾਰਨ ਇੱਟਾਂ ਦੇ ਭੱਠੇ ਲੱਕੜ ਨਾਲ ਪਕਾਏ ਜਾਣ ਲੱਗੇ ਹਨ। ਸੜਕਾਂ ’ਤੇ ਪੈਣ ਵਾਲੀ ਲੁੱਕ ਦੇ ਡਰੰਮ ਲੱਕੜ ਨਾਲ ਪਿਘਲਾਏ ਜਾ ਰਹੇ ਹਨ। ਇਹ ਸਾਰੇ ਗ਼ਲਤ ਰਿਵਾਜ ਧਰਤੀ ਨੂੰ ਕਮਜ਼ੋਰ ਤੇ ਨਕਾਰਾ ਬਣਾ ਰਹੇ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵੰਡੇ ਜਾਣ ਵਾਲੇ ਇਸ ਇਸ਼ਤਿਹਾਰ ਦਾ ਖੋਜ ਭਰਪੂਰ ਲੇਖ ਟੈਲੀਵਿਜ਼ਨ ਦੇ ਇਸ ਦਾਅਵੇ ਨੂੰ ਝੂਠਿਆਂ ਕਰ ਰਿਹਾ ਹੈ ਕਿ ਉਹ ਲੋਕਾਂ ਨੂੰ ਸਮੇਂ ਦਾ ਲੋੜੀਂਦਾ ਗਿਆਨ ਦੇ ਸਕਦਾ ਹੈ। ਇਹ ਗਿਆਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰੱਬ ਦੇ ਘਰ ਸੱਚਖੰਡ ਤੋਂ ਹੀ ਮਿਲ ਸਕਦਾ ਹੈ, ਜਿਸ ਦੀ ਛਤਰ-ਛਾਇਆ ਹੇਠ ਖੋਜੀ ਬੰਦੇ ਪੈਦਾ ਹੁੰਦੇ ਹਨ ਤੇ ਜੁੱਗੋ ਜੁੱਗ ਪੈਦਾ ਹੁੰਦੇ ਰਹਿਣਗੇ। ਟੈਲੀਵਿਜ਼ਨ ਇਸ਼ਨਾਨ ਕਰਨ ਵਾਲੇ ਸਾਬਣ ਅਤੇ ਕੇਸ ਧੋਣ ਵਾਲੀਆਂ ਟਿੱਕੀਆਂ ਦਾ ਪ੍ਰਚਾਰ ਕਰ ਰਿਹਾ ਹੈ। ਰਾਜਰਿਸ਼ੀ ਬਾਬੂ ਪਰਸ਼ੋਤਮ ਦਾਸ ਟੰਡਨ ਵਕਾਲਤ ਪਾਸ ਸਨ। ਉਹ ਪੰਡਿਤ ਜਵਾਹਰ ਲਾਲ ਨਹਿਰੂ ਦੇ ਮੁਕਾਬਲੇ ਦੇ ਕਾਂਗਰਸ ਦੇ ਲੀਡਰ ਸਨ। ਉਹ ਹੱਥ ਨਾਲ ਕੱਤਿਆ ਖੱਦਰ ਪਹਿਨਦੇ ਤੇ ਰੀਠਿਆਂ ਨਾਲ ਪਿੰਡੇ ਨਹਾਉਂਦੇ ਸਨ, ਸਾਬਣ ਨਹੀਂ ਵਰਤਦੇ ਸਨ । ਉਹ ਖੰਡ ਨਹੀਂ ਖਾਂਦੇ ਸਨ, ਗੁੜ ਖਾਂਦੇ ਸਨ।ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਸਾਬਣ ਪਿੰਡੇ ਦੀ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਕਿਉਂਕਿ ਸਾਬਣ ਵਿੱਚ ਸੋਡਾ ਹੈ। ਰੀਠੇ ਚਮੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ । ਇਸ ਲਈ ਮੈਂ ਰੀਠਿਆਂ ਨਾਲ ਇਸ਼ਨਾਨ ਕਰਦਾ ਹਾਂ। ਗੁੜ ਵਿੱਚ ਸਰੀਰ ਨੂੰ ਪਾਲਣ ਵਾਲੇ ਬਹੁਤ ਪਦਾਰਥ ਹੁੰਦੇ ਹਨ ਜਿਹੜੇ ਗੁੜ ਤੋਂ ਖੰਡ ਬਣਨ ਦੀ ਕਿਿਰਆ ਵਿੱਚ ਸਾਰੇ ਬਾਹਰ ਨਿਕਲ ਜਾਂਦੇ ਹਨ। ਦਾਣੇਦਾਰ ਖੰਡ ਵਿੱਚ ਸਰੀਰ ਨੂੰ ਪਾਲਣ ਵਾਲਾ ਕੋਈ ਕੰਮ ਨਹੀਂ ਹੁੰਦਾ। ਦਾਣੇਦਾਰ ਖੰਡ ਨੂੰ ਜ਼ਹਿਰ ਮੰਨਿਆ ਜਾਂਦਾ ਹੈ। ਮੈਂ ਇਕ ਪਿੰਡ ਵਿੱਚ ਜੰਮਿਆ ਪਲਿਆ ਹਾਂ । ਦੀਵਾਲੀ ਦੇ ਦਿਨ ਹਰ ਘਰ ਵਿੱਚ ਗੁੜ ਦੇ ਗੁਲਗੁਲਿਆਂ, ਗੁੜ ਦੀਆਂ ਮੱਠੀਆਂ ਤੇ ਪਿੰਨੀਆਂ ਦਾ ਪਕਵਾਨ ਪੱੱਕਦਾ ਸੀ ਤੇ ਹਰ ਕੋਈ ਇਸ ਪਕਵਾਨ ਨੂੰ ਇਕ ਭਾਰੀ ਸੁਗਾਤ ਦੀ ਵਸਤ ਸਮਝ ਕੇ ਛਕਦਾ ਸੀ। ਉਹ ਪਕਵਾਨ ਵੱਧ ਤੋਂ ਵੱਧ ਸੁਆਦ ਵਾਲਾ ਪਕਵਾਨ ਸਮਝਿਆ ਜਾਂਦਾ ਸੀ। ਉਸ ਪਕਵਾਨ ਨੂੰ ਕੋਈ ਵੀ ਲੱਡੂ ਜਲੇਬੀਆਂ ਦੇ ਮੁਕਾਬਲੇ ਵਿੱਚ ਘਟੀਆ ਪਕਵਾਨ ਨਹੀਂ ਸਮਝਦਾ ਸੀ । ਮੈਂ ਚਾਰ ਕੁ ਸਾਲ ਹੋਏ ਇਤਨਾ ਬਿਮਾਰ ਹੋਇਆ ਕਿ ਬਚਣ ਦੀ ਆਸ ਨਾ ਰਹੀ ਤੇ ਬੋਲਣਾ ਵੀ ਬੰਦ ਹੋ ਗਿਆ। ਮੈਨੂੰ ਉਸ ਹਾਲਤ ਵਿੱਚ ਖੰਡ ਦੀਆਂ ਜਲੇਬੀਆਂ ਯਾਦ ਨਾ ਆਈਆਂ ਬਲਕਿ ਗੁੜ ਯਾਦ ਆਇਆ ਜਿਸ ਨੂੰ ਖਾਣ ਲਈ ਮੈਂ ਤਰਸਦਾ ਰਿਹਾ। ਇਹ ਮੇਰੇ ਅੰਤਿਮ ਵੇਲੇ ਦੀ ਇੱਛਿਆ ਸੀ।

ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆਏ ਅਮੀਰ ਬੰਦੇ ਤੇ ਅਫ਼ਸਰ ਗੁੜ ਦੇ ਬਣੇ ਹੋਏ ਪਕਵਾਨ ਨੂੰ ਘਟੀਆ ਦਰਜੇ ਦਾ ਪਕਵਾਨ ਸਮਝਦੇ ਹਨ। ਉਹ ਵੇਲ ਬੂਟਿਆਂ ਵਾਲੇ ਮਹਿੰਗੇ ਮੋਮੀ ਕਾਗ਼ਜ਼ ਨਾਲ ਸਜਾਏ ਗਏ ਤਿੰਨ ਰੁਪਏ ਵਾਲੇ ਗੱਤੇ ਦੇ ਡੱਬੇ ਵਿੱਚ ਪੈਂਤੀ ਰੁਪਏ ਕਿੱਲੋ ਦੀ ਮਿਿਠਆਈ ਨੂੰ ਮੁੱਲ ਲੈਣਾ ਆਪਣੀ ਸ਼ਾਨ ਸਮਝਦੇ ਹਨ। ਚਾਕੂ ਤਕ ਹਰ ਵਸਤੂ ਨੂੰ ਕਾਗ਼ਜ਼ ਦੇ ਲਿਫ਼ਾਫ਼ਿਆਂ ਵਿੱਚ ਮੁੱਲ ਲੈਣਾ ਰੁੱਖਾਂ ਤੋਂ ਬਣਨ ਵਾਲੇ ਕਾਗ਼ਜ਼ ਦੀ ਖ਼ੱਪਤ ਦਾ ਅੰਨ-ਸੰਕਟ ਪੈਦਾ ਕਰਨ ਵਾਲਾ ਇਕ ਹੂੰਝਾ ਫੇਰ ਨਵਾਂ ਕਾਰਨ ਪੈਦਾ ਕਰਨਾ ਹੈ। ਗੱਤੇ ਦੇ ਡੱਬਿਆਂ ਵਿੱਚ ਮਿਠਆਈ ਤੇ ਕਾਗ਼ਜ਼ ਦੇ ਲਿਫ਼ਾਫ਼ਿਆਂ ਵਿੱਚ ਹਰ ਚੀਜ਼ ਨੂੰ ਦੁਕਾਨਦਾਰ ਤੋਂ ਲੈਣਾ ਰੁੱਖਾਂ ਨੂੰ ਕਟਾਉਣ ਦਾ ਕਾਰਨ ਬਣਦੀ ਹੈ। ਭਗਤ ਪੂਰਨ ਸਿੰਘ

411 views

Comments


bottom of page