top of page
  • Writer's pictureShamsher singh

18 ਦਸੰਬਰ 1845 ਨੂੰ ਮੁਦਕੀ ਦੀ ਜੰਗ'ਚ ਸਿੱਖਾਂ ਤੇ ਫੇਰੂ ਸ਼ਹਿਰ ਦੀ ਜੰਗ ਬਾਰੇ ਅੰਗਰੇਜ਼ਾਂ ਦੀ ਸ਼ਾਹਦੀ



ਅੱਜ ਦੇ ਦਿਨ 18 ਦਸੰਬਰ 1845 ਨੂੰ #ਮੁਦਕੀ_ਦੀ_ਜੰਗ'ਚ ਸਿੱਖਾਂ ਨੇ ਅੰਗਰੇਜ਼ਾਂ ਦੇ ਨਾਸੀ ਧੂੰਆਂ ਲਿਆ ਦਿੱਤਾ 18 ਦਸੰਬਰ 1845 ਨੂੰ ਕੜਾਕੇ ਦੀ ਠੰਡ'ਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲਹੂ ਡੋਲਵੀ ਲੜਾਈ ਨੇ ਮੁਦਕੀ ਦੇ ਰੇਤਲੇ ਮੈਦਾਨ ਨੂੰ ਸਿੰਜ ਕੇ ਰੱਖ ਦਿੱਤਾ। ਇਹ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਪਹਿਲੀ ਲੜਾਈ ਸੀ ਇਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਖਿਆਲ ਸੀ ਕਿ ਪੰਜਾਬ ਦੇ ਸਿੱਖ ਵੀ ਹਿੰਦੋਸਥਾਨ ਦੇ ਬਾਕੀ ਲੋਕਾਂ ਵਰਗੇ ਹੀ ਹੋਣਗੇ ਅਤੇ ਉਹ ਮਾੜੀ ਮੋਟੀ ਠੂਹ-ਠਾਹ ਨਾਲ ਜੰਗ ਜਿੱਤ ਜਾਣਗੇ। ਪਰ ਇਸ ਲੜਾਈ ਨੇ ਅੰਗਰੇਜ਼ਾਂ ਦੀਆਂ ਅੱਖਾਂ ਖੋਲ ਦਿੱਤੀਆਂ ਕਿ ਖੁੱਲੀਆਂ ਦਾੜੀਆਂ, ਸਿਰਾਂ'ਤੇ ਦਸਤਾਰਾਂ, ਚੰਡੀਆਂ ਹੋਈਆਂ ਕਿਰਪਾਨਾਂ ਪਾ ਕੇ ਮੈਦਾਨੇ ਜੰਗ'ਚ ਮੁੱਛਾਂ'ਤੇ ਹੱਥ ਫੇਰਨ ਵਾਲੇ ਸਰਦਾਰ ਹਿੰਦੋਸਤਾਨੀਆਂ ਵਾਂਗ ਕਮਦਿਲ ਨਹੀੰ ਸਗੋੰ ਪੰਜਾਬ ਦੇ ਸਿਰਲੱਥ ਯੋਧੇ ਹਨ। ਅੰਗਰੇਜ਼ਾਂ ਦੀ ਕਰੀਬ 11 ਹਜ਼ਾਰ ਫੌਜ ਦੀ ਅਗਵਾਈ ਨਾਮੀ ਜਰਨੈਲ ਕਰ ਰਹੇ ਸਨ ; ਜਿਨਾਂ ਦਾ ਮੁਖੀ ਜਨਰਲ ਗੱਫ਼ ਸੀ ਅਤੇ ਉਸ ਦੇ ਅਧੀਨ ਗਿਲਬਰਟ, ਸਰ ਹੈਰੀ ਸਮਿੱਥ, ਮੈਕਾਸਕਿਲ, ਸਰ ਵਾਈਟ, ਬ੍ਰਗੇਡੀਅਰ ਮੈਕਟੀਅਰ, ਬ੍ਰਗੇਡੀਅਰ ਵੀਲਰ, ਬ੍ਰਗੇਡੀਅਰ ਬੋਲਟਨ, ਬ੍ਰਗੇਡੀਅਰ ਵਾਲਸ ਆਦਿ ਸਨ। ਜਿਸ ਦੇ ਮੁਕਾਬਲੇ ਦਸ ਕੁ ਹਜ਼ਾਰ ਖਾਲਸਾ ਫੌਜ ਸੀ ਜਿਸ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ। ਦਸ ਹਜ਼ਾਰ ਵਿੱਚੋਂ ਚਾਰ ਹਜ਼ਾਰ ਲਾਲ ਸਿੰਘ ਦੀ ਨਿੱਜੀ ਫੌਜ ਜਿਸ'ਚ ਡੋਗਰੇ ਅਤੇ ਮੁਸਲਮਾਨ ਸਨ। ਬਾਕੀ ਸਿੱਖ ਜਰਨੈਲਾਂ'ਚ ਸ:ਚਤਰ ਸਿੰਘ ਕਾਲਿਆਂ ਵਾਲਾ, ਸ:ਰਾਮ ਸਿੰਘ, ਸ:ਬੁੱਧ ਸਿੰਘ ਸਨ ਇਸ ਦੇ ਇਲਾਵਾ ਅਜੁੱਧਿਆ ਪ੍ਰਸਾਦ, ਅਮਰ ਨਾਥ, ਬਖ਼ਸ਼ੀ ਘਨੱਈਆ ਲਾਲ ਆਦਿ ਜਰਨੈਲ ਵੀ ਸਨ। ਜੰਗ ਦੇ ਮੈਦਾਨ'ਚ ਦੋਵੇਂ ਫੌਜਾਂ ਆਹਮਣੇ-ਸਾਹਮਣੇ ਸਨ; ਦੋਵਾਂ ਦੇ ਝੰਡੇ ਲਹਿਰਾ ਰਹੇ ਸਨ ਆਖਰ ਦੁਪਹਿਰ ਤੋਂ ਬਾਅਦ ਜੰਗ ਦਾ ਬਿਗਲ ਵੱਜਿਆ, ਨਗਾਰਿਆਂ'ਤੇ ਚੋਟ ਲੱਗੀ ਅਤੇ ਤੋਪਾਂ ਦੇ ਮੂੰਹ ਖੁੱਲ ਗਏ। ਕੁਝ ਸਮੇਂ'ਚ ਹੀ ਮੁਦਕੀ ਦਾ ਰੇਤਲਾ ਮੈਦਾਨ ਲਹੂ ਨਾਲ ਲਾਲ ਹੋਣ ਲੱਗਾ ਅਤੇ ਚਾਰ ਚੁਫੇਰੇ ਲਾਸ਼ਾਂ ਹੀ ਲਾਸ਼ਾਂ ਦਿਖਣ ਲੱਗੀਆਂ। ਅੰਗਰੇਜ਼ ਫੌਜ ਨੇ ਉਸੇ ਹੌਸਲੇ ਨਾਲ ਹਮਲਾ ਕੀਤਾ ਜਿਵੇਂ ਉਹਨਾਂ ਨੇ ਉੱਪਮਹਾਂਦੀਪ ਦੀਆਂ ਬਾਕੀ ਰਿਆਸਤਾਂ ਜਿੱਤਿਆਂ ਸਨ; ਪਰ ਥੋੜੇ ਸਮਾਂ'ਚ ਹੀ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਇਸ ਵਾਰ ਮੱਥਾ ਲੋਹੇ ਦੀ ਦੀਵਾਰ ਨਾਲ ਲਗਾ ਲਿਆ ਹੈ। ਜਦੋੰ ਸਿੱਖਾ ਨੇ ਅੰਗਰੇਜ਼ਾਂ ਦੇ ਹੱਲੇ ਦਾ ਜਵਾਬ ਜੈਕਾਰੇ ਲਗਾਉਂਦੇ ਹੋਏ ਚੜ੍ਹਦੀ ਕਲਾ'ਚ ਦਿੱਤਾ ਅਤੇ ਭੁੱਖੇ ਸ਼ੇਰਾਂ ਵਾਂਗ ਅੰਗਰੇਜ਼ਾਂ'ਤੇ ਟੁੱਟ ਪਏ ਤਾਂ ਅੰਗਰੇਜ਼ ਫੌਜ ਸਿੱਖਾਂ ਦਾ ਸਾਹਮਣਾ ਨਾ ਕਰ ਸਕੀ। ਅੰਗਰੇਜ਼ ਮੈਦਾਨ ਛੱਡ ਕੇ ਭੱਜਣ ਲੱਗੇ ਅਤੇ ਫੌਜ ਦਾ ਵੱਡਾ ਹਿੱਸਾ ਤੋਪਖਾਨੇ ਦੇ ਪਿੱਛੇ ਜਾ ਲੁਕਿਆ। ਇਹ ਦੇਖ ਕੇ ਅੰਗਰੇਜ਼ਾਂ ਨੇ ਗਦਾਰ ਲਾਲ ਸਿੰਘ ਡੋਗਰੇ ਨੂੰ ਵਰਤਿਆ; ਫਿਰ ਡੋਗਰਾ ਲਾਲ ਸਿੰਘ ਲੱਗਭਗ ਜਿੱਤੀ ਹੋਈ ਜੰਗ'ਚੋੰ ਆਪਣੀ ਚਾਰ ਹਜ਼ਾਰ ਫੌਜ ਸਮੇਤ ਘਨੱਈਆ ਲਾਲ, ਅਜਿਧਿਆ ਪ੍ਰਸਾਦ ਅਤੇ ਅਮਰ ਨਾਥ ਆਦਿ ਅਫ਼ਸਰਾਂ ਨੂੰ ਨਾਲ ਲੈ ਕੇ ਮੈਦਾਨ ਵਿੱਚੋਂ ਭੱਜ ਗਿਆ ਅਤੇ ਬਾਕੀ ਖਾਲਸਾ ਫੌਜ ਨੂੰ ਮੈਦਾਨ'ਚੋੰ ਭੱਜਣ ਦਾ ਹੁਕਮ ਸੁਣਾ ਗਿਆ ਪਰ ਸਿੱਖ ਫੌਜ ਨਾ ਮੰਨੀ। ਗ਼ਦਾਰ ਡੋਗਰੇ ਅਤੇ ਬ੍ਰਾਹਮਣ ਮੈਦਾਨ ਛੱਡ ਕੇ ਭੱਜ ਗਏ ਅਤੇ 6 ਹਜ਼ਾਰ ਦੇ ਕਰੀਬ ਖਾਲਸਾ ਫੌਜ ਦੇ ਸਿਪਾਹੀ ਬਿਨਾਂ ਕਿਸੇ ਜਰਨੈਲ ਤੋਂ ਮੈਦਾਨ'ਚ ਡਟੇ ਰਹੇ। ਖਾਲਸਾ ਫੌਜ ਦੇ ਇਸ ਹੌਸਲੇ ਨੂੰ ਦੇਖ ਕੇ ਲਾਰਡ ਹਾਰਡਿੰਗ ਅਤੇ ਜਨਰਲ ਗੱਫ਼ ਹੈਰਾਨ ਰਹਿ ਗਏ ਕਿ ਸਿਪਾਈਆਂ ਨੂੰ ਲੜਾਉਣ ਵਾਲਾ ਕੋਈ ਜਰਨੈਲ ਹੈ ਨਹੀੰ ਪਰ ਫਿਰ ਵੀ ਸਿੱਖ ਸਿਪਾਹੀ ਦੇਸ਼ ਪੰਜਾਬ ਲਈ ਕਿੰਨ੍ਹੇ ਜੋਸ਼ ਨਾਲ ਲੜ ਰਹੇ ਹਨ। ਸੂਰਜ ਛਿਪ ਚੁੱਕਾ ਸੀ ਅਤੇ ਰਾਤ ਦਾ ਹਨੇਰਾ ਫੈਲ ਰਿਹਾ ਸੀ; ਹੁਣ ਅੰਗਰੇਜ਼ ਫੌਜ ਦੀ ਗਿਣਤੀ ਵੀ ਖਾਲਸਾ ਫੌਜ ਨਾਲੋੰ ਬਹੁਤ ਵੱਧ ਸੀ। ਅੰਗਰੇਜ਼ ਸਿੱਖਾਂ'ਤੇ ਹਮਲਾ ਕਰਦੇ ਪਰ ਸਿੱਖ ਉਹਨਾਂ ਨੂੰ ਸਖ਼ਤ ਟੱਕਰ ਦੇ ਕੇ ਪਿੱਛੇ ਧੱਕ ਦਿੰਦੇ। ਆਖ਼ਰ ਕੋਈ ਪੇਸ਼ ਚਲਦੀ ਨਾ ਦੇਖ ਕੇ ਲਾਰਡ ਹਾਰਡਿੰਗ ਖੁਦ ਆਪ ਮੈਦਾਨੇ ਜੰਗ'ਚ ਉਤਰਿਆ ਜਿਸ ਨਾਲ ਅੰਗਰੇਜ਼ਾਂ ਦੇ ਹੌਸਲੇ ਵੱਧ ਗਏ ਅਤੇ ਬਹੁਤ ਸਖ਼ਤ ਲੜਾਈ ਹੋਈ। ਪਰ ਅੰਗਰੇਜ਼ ਸਿੱਖਾਂ ਨੂੰ ਮੈਦਾਨ'ਚੋਂ ਭਜਾਉਣ'ਚ ਅਸਫ਼ਲ ਰਹੇ। ਆਖ਼ਰ ਰਾਤ ਦਾ ਹਨੇਰਾ ਫੈਲ ਚੁੱਕਾ ਸੀ ਅਤੇ ਦੋਵੇੰ ਫੌਜਾਂ ਪਿਛਾਂਹ ਹੱਟ ਗਈਆਂ। ਅੰਗਰੇਜ਼ਾਂ ਦਾ ਰਾਤ ਨੂੰ ਸਿੱਖਾਂ'ਤੇ ਦੁਬਾਰਾ ਹਮਲਾ ਕਰਨ ਦਾ ਹੌਸਲਾ ਨਾ ਪਿਆ। ਦੋਵੇਂ ਫੌਜਾਂ ਹਨੇਰੇ ਦੀ ਬੁੱਕਲ'ਚ ਲੁਕ ਗਈਆਂ ਅਤੇ ਲੜਾਈ ਸਮਾਪਤ ਹੋ ਗਈ। ਸਾਰੀ ਰਾਤ ਅੰਗਰੇਜ਼ ਫੌਜ ਮੋਰਚਿਆਂ'ਚ ਲੁਕੀ ਰਹੀ। ਜਦ ਅਗਲੀ ਸਵੇਰ ਦਿਨ ਚੜਿਆ ਤਾਂ ਮੈਦਾਨ ਖਾਲੀ ਦੇਖ ਕੇ ਅੰਗਰੇਜ਼ਾਂ ਨੇ ਜਿੱਤ ਦਾ ਵਾਜਾ ਵਜਾ ਦਿੱਤਾ ਜਦਕਿ ਲੜਾਈ ਰਾਤ ਹੀ ਖ਼ਤਮ ਹੋ ਚੁੱਕੀ ਸੀ। ਸਵੇਰ ਤੱਕ ਮੈਦਾਨ'ਚ ਰਹਿੰਦੇ ਤਾਂ ਨਤੀਜਾ ਕੁਝ ਹੋਰ ਹੋਣਾਂ ਸੀ। ਇਸ ਲੜਾਈ'ਚ ਸਰ ਜਾਨ ਮੈਕਾਸਕਿਲ, ਬ੍ਰਗੇਡੀਅਰ ਬੋਲਟਨ, ਸਰ ਰਾਬਰਟ ਸੇਲ ਸਮੇਤ 215 ਅੰਗਰੇਜ਼ ਫੌਜ ਦੇ ਸਿਪਾਹੀ ਮਾਰੇ ਅਤੇ 657 ਬੁਰੀ ਤਰਾਂ ਫੱਟੜ ਹੋਏ। ਇਸ ਲੜਾਈ'ਚ ਐਨੇ ਨੁਕਸਾਨ ਤੋਂ ਬਾਅਦ ਜਨਰਲ ਗੱਫ਼ ਦੀ ਕਾਫ਼ੀ ਅਲੋਚਨਾ ਹੋਈ। ਦੂਜੇ ਪਾਸੇ ਕਰੀਬ ਐਨਾ ਕੁ ਨੁਕਸਾਨ ਹੀ ਖਾਲਸਾ ਫੌਜ ਦਾ ਹੋਇਆ। ਇਸ ਲੜਾਈ ਨੇ ਖਾਲਸਾ ਫੌਜ ਦੀ ਕਾਬਲੀਅਤ ਅਤੇ ਸੂਰਵੀਰਤਾ ਸਾਬਤ ਕਰ ਦਿੱਤੀ। ਜੇਕਰ ਫੌਜ ਦੇ ਜਰਨੈਲ ਗ਼ਦਾਰ ਡੋਗਰੇ ਵਿਕੇ ਨਾ ਹੁੰਦੇ ਤਾਂ ਯਕੀਨਨ ਅੰਗਰੇਜ਼ ਮੁਦਕੀ ਦਾ ਮੈਦਾਨ ਛੱਡ ਕੇ ਭੱਜਦੇ ਜਾਂਦੇ ਸਨ


ਫੇਰੂ ਸ਼ਹਿਰ (ਫਿਰੋਜ਼ਸ਼ਾਹ) ਦੀ ਜੰਗ ਬਾਰੇ ਕੁਝ ਅੰਗਰੇਜ ਲਿਖਾਰੀਆਂ ਦੀਆਂ ਲਿਖਤਾਂ: ੧. "ਅਸੀਂ ਤੋਪਾਂ ਅਤੇ ਬੰਦੂਕਾਂ ਦਾ ਸਾਮ੍ਹਣਾ ਕਰਦੇ ਹੋਏ ਗੜਿਆਂ ਦੀ ਤਰ੍ਹਾਂ ਪੈ ਰਹੇ ਭਿਆਨਕ ਗੋਲਿਆਂ ਦੀ ਮਾਰ ਹੇਠ ਅੱਗੇ ਵੱਧ ਰਹੇ ਸਾਂ। ਇਸ ਤਬਾਹੀ ਨੂੰ ਹੋਰ ਵਧਾਉਣ ਲਈ ਬਾਰੂਦੀ ਸੁਰੰਗਾਂ ਸਾਡੇ ਪੈਰਾਂ ਹੇਠ ਫਟ ਰਹੀਆਂ ਸਨ ਅਤੇ ਸਾਡੀਆਂ ਜਾਨਾਂ ਦਾ ਦਰਦਨਾਕ ਘਾਣ ਕਰ ਰਹੀਆਂ ਸਨ।" (ਕੈਪਟਨ ਜੌਹਨ ਕਮਿੰਗ) ੨. ਰਾਤ ਦੇ ਹਨੇਰੇ ਅਤੇ ਸਿੱਖ ਫੌਜਾਂ ਦੀ ਭਿਆਨਕ ਮਾਰ ਕਾਰਨ ਅੰਗਰੇਜ਼ਾਂ ਵਿੱਚ ਘਬਰਾਹਟ ਫੈਲ ਗਈ, ਸਾਰੀਆਂ ਰੈਜੀਮੈਂਟਾਂ ਦੇ ਸਿਪਾਹੀ ਆਪਸ ਵਿੱਚ ਰਲ ਮਿਲ ਗਏ, ਜਰਨੈਲਾਂ ਨੂੰ ਆਪਣੀ ਕਾਬਲੀਅਤ ਤੇ ਸ਼ੱਕ ਹੋਣ ਲੱਗਾ ਅਤੇ ਕਰਨਲਾਂ ਨੂੰ ਆਪਣੀਆਂ ਰੈਜੀਮੈਂਟਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਧਰ ਹਨ। (ਜੇ. ਡੀ. ਕਨਿੰਘਮ) ੩. "ਇਸ ਸਮੇਂ ਅੰਗਰੇਜ਼ਾਂ ਅੰਦਰ ਇਹ ਗੱਲ ਫੈਲ ਚੁੱਕੀ ਸੀ ਕਿ ਹਿੰਦੁਸਤਾਨ ਉਨ੍ਹਾਂ ਹੱਥੋਂ ਨਿਕਲ ਚੁੱਕਾ ਹੈ, ਜਨਰਲ ਹੈਰੀ ਸਮਿੱਥ ਨੂੰ ਸਿੱਖਾਂ ਨੇ ਵਾਪਸ ਧੱਕ ਦਿੱਤਾ ਸੀ ਅਤੇ ਜਨਰਲ ਗਿਲਬਰਟ ਵੀ ਪਿੱਛੇ ਹਟ ਚੁੱਕਾ ਸੀ। ਉਨ੍ਹਾਂ ਨੂੰ ਇਹ ਵੀ ਡਰ ਸੀ ਕਿ ਰਾਤੋਂ-ਰਾਤ ਤੇਜ ਸਿਓਂ ਦੀ ਫਿਰੋਜ਼ਪੁਰ ਵਾਲੀ ਫੌਜ ਆ ਕੇ ਉਹਨਾਂ ਉਤੇ ਟੁੱਟ ਪਵੇਗੀ। ਜੇਕਰ ਇਸ ਸਮੇਂ ਕਿਸੇ ਤਜ਼ਰਬੇਕਾਰ ਅਤੇ ਇਮਾਨਦਾਰ ਜਰਨੈਲ ਕੋਲ ਸਿੱਖਾਂ ਦੀ ਫੌਜ ਦੀ ਕਮਾਂਡ ਹੁੰਦੀ, ਤਾਂ ਥੱਕੇ ਹਾਰੇ ਅੰਗਰੇਜ਼ਾਂ ਨੂੰ ਕੋਈ ਨਹੀਂ ਸੀ ਬਚਾ ਸਕਦਾ।" (ਜੀ.ਬੀ. ਮਾਲੇਸਨ) ੪. ਗਵਰਨਰ ਜਨਰਲ ਦੀ ਤਰਫੋਂ ਖਬਰ ਆਈ ਕਿ ਅੰਗ੍ਰੇਜ਼ 21 ਦਸੰਬਰ ਦੇ ਹਮਲੇ ਵਿਚ ਹਾਰ ਚੁੱਕੇ ਹਨ ਅਤੇ ਹਾਲਾਤ ਬਹੁਤ ਖ਼ਰਾਬ ਹਨ। ਸਰਕਾਰੀ ਦਸਤਾਵੇਜ਼ ਨਸ਼ਟ ਕਰ ਦਿੱਤੇ ਜਾਣ। ਜੇਕਰ ਸਵੇਰੇ ਉਨ੍ਹਾਂ ਦਾ ਆਖ਼ਰੀ ਹਮਲਾ ਵੀ ਫੇਲ ਹੋ ਗਿਆ ਤਾਂ ਸਭ ਕੁਝ ਖਤਮ ਹੋ ਜਾਵੇਗਾ। ਮਿਸਟਰ ਕਰੀ, ਪੁਲਿਟੀਕਲ ਸਕੱਤਰ ਨੇ ਮੈਨੂੰ ਖੂਫਿਆ ਖਬਰ ਦਿੱਤੀ ਕਿ ਉਹ ਬਿਨਾਂ ਸ਼ਰਤ ਹਥਿਆਰ ਸੁੱਟਣ ਲਈ ਤਿਆਰ ਹਨ ਤਾਂ ਜੋ ਜ਼ਖ਼ਮੀਆਂ ਨੂੰ ਬਚਾਇਆ ਜਾ ਸਕੇ। (ਕੈਪਟਨ ਰਾਬਰਟ ਕਸਟ) ੫. ਜੇਕਰ ਸਿੱਖਾਂ ਨੇ ਰਾਤ ਨੂੰ ਹਮਲਾ ਕਰ ਦਿੱਤਾ ਹੁੰਦਾ ਤਾਂ ਇਸਦੇ ਨਤੀਜੇ ਬੜੇ ਭਿਆਨਕ ਹੁੰਦੇ, ਕਿਉਂਕਿ ਸਾਡੀਆਂ ਯੂਰਪੀਅਨ ਰੈਜੀਮੈਂਟਾਂ ਦੀ ਲੜਨ ਦੀ ਤਾਕਤ ਅਤੇ ਗਿਣਤੀ ਭਾਰੀ ਜਾਨੀ ਨੁਕਸਾਨ ਅਤੇ ਜ਼ਖ਼ਮੀਆਂ ਕਾਰਨ ਬਹੁਤ ਘਟ ਚੁੱਕੀ ਸੀ ਅਤੇ ਸਾਰੇ ਤੋਪਖਾਨੇ ਦਾ ਗੋਲਾ ਬਰੂਦ ਅਤੇ ਗੋਲੀ ਸਿੱਕਾ ਤਕਰੀਬਨ ਖ਼ਤਮ ਹੋ ਗਿਆ ਸੀ।" (ਵਿਲੀਅਮ ਐਡਵਰਡਜ਼) ੬. ਫਿਰੋਜ਼ਸ਼ਾਹ ਦੀ ਲੜਾਈ ਤੋਂ ਬਾਅਦ ਗਵਰਨਰ ਜਨਰਲ ਨੇ ਉਸ ਨੂੰ ਦੱਸਿਆ ਕਿ ਸਿੱਖਾਂ ਦੇ ਤੋਪਖਾਨੇ ਦੀ ਮਾਰ ਜਗਤ-ਪ੍ਰਸਿੱਧ ਜੰਗ ਐਲਬੁਅਰਾ ਤੋਂ ਕਿਤੇ ਭਿਆਨਕ ਸੀ। ਅਤੇ ਉਨ੍ਹਾਂ ਦੀਆਂ ਤੋਪਾਂ ਦੇ ਮੁਹਾਨੇ ਸਾਡੀਆਂ ਤੋਪਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਸਨ ਅਜੇਹੀਆਂ ਭਾਰੀਆਂ ਅਤੇ ਮਾਰੂ ਤੋਪਾਂ ਯੂਰਪੀਅਨ ਲੜਾਈਆਂ ਵਿੱਚ ਅਜੇ ਤਕ ਕਦੇ ਨਹੀਂ ਵਰਤੀਆਂ ਗਈਆਂ। (ਵਿਲੀਅਮ ਐਡਵਰਡਜ਼) ੭. ਲਿਟਲਰ ਦੀ ਡਿਵੀਜ਼ਨ ਪਿੱਛੇ ਧੱਕ ਦਿੱਤੀ ਗਈ ਅਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਧਰ ਗਈ ਹੈ। ਇਸ ਤਰ੍ਹਾਂ ਹੈਰੀ ਸਮਿੱਥ ਆਪਣੀ ਡਿਵੀਜ਼ਨ ਨਾਲ ਗੁਆਚਿਆ ਫਿਰਦਾ ਸੀ। ਸਿਪਾਹੀ ਅਤੇ ਅਫ਼ਸਰ ਥੱਕ ਕੇ ਚਕਨਾਚੂਰ ਹੋ ਚੁੱਕੇ ਸਨ। ਉਪਰੋਂ ਭੁੱਖ ਪਿਆਸ ਉਨ੍ਹਾਂ ਦਾ ਬੁਰਾ ਹਾਲ ਕਰ ਰਹੀ ਸੀ ਅਤੇ ਉਹ ਪਾਣੀ ਦੀ ਇਕ ਬੂੰਦ ਲਈ ਵੀ ਤਰਸ ਰਹੇ ਸਨ। ਕੜਾਕੇ ਦੀ ਠੰਢ ਸੀ ਅਤੇ ਸਾਰੀ ਫ਼ੌਜ ਬਿਨਾਂ ਗਰਮ ਕੋਟਾਂ ਦੇ ਲੜਾਈ ਵਾਲੀ ਵਰਦੀ ਵਿਚ ਸੀ। ਉਨ੍ਹਾਂ ਦੇ ਬਚਾਅ ਲਈ ਕੋਈ ਆਸਰਾ ਨਹੀਂ ਸੀ ਅਤੇ ਖੁੱਲ੍ਹੇ ਮੈਦਾਨ ਵਿਚ ਬੈਠੇ ਉਹ ਆਉਣ ਵਾਲੀਆਂ ਘੜੀਆਂ ਨੂੰ ਯਾਦ ਕਰ ਰਹੇ ਸਨ ਕਿ ਕਿਤੇ ਫ਼ੀਰੋਜ਼ਪੁਰ ਵਾਲੀ ਤਾਜ਼ਾ ਦਮ ਫ਼ੌਜ ਉਨ੍ਹਾਂ ਉਤੇ ਹਮਲਾ ਨਾ ਕਰ ਦੇਵੇ। ਇਧਰ ਫ਼ੀਰੋਜ਼ਸ਼ਾਹ ਵਿਚ ਸਿੱਖ ਤੋਪਾਂ ਹੁਣ ਵੀ ਦੇਰ ਰਾਤ ਗਏ ਉਨ੍ਹਾਂ ਉਪਰ ਗੋਲੇ ਬਰਸਾ ਰਹੀਆਂ ਸਨ। ਇਹੋ ਜਿਹੀਆਂ ਹਾਲਤਾਂ ਵਿਚ ਕਮਾਂਡਰ-ਇਨ-ਚੀਫ਼ ਤੇ ਗਵਰਨਰ ਜਨਰਲ ਦੀ ਫ਼ੌਜ ਨੇ 21 ਦਸੰਬਰ ਦੀ ਰਾਤ ਗੁਜ਼ਾਰੀ, ਜਦ ਹਿੰਦੁਸਤਾਨ ਵਿਚ ਅੰਗਰੇਜ਼ਾਂ ਦੇ ਰਾਜ ਦੀ ਕਿਸਮਤ ਸਿੱਖਾਂ ਦੇ ਰਹਿਮੋ-ਕਰਮ ਉਪਰ ਟਿਕੀ ਹੋਈ ਸੀ। (ਚਾਰਲਸ ਗਫ਼ ਅਤੇ ਆਰਥਰ ਇਨਜ਼) ੮. ਜਦ ਰਾਤ ਸਮੇਂ ਸਿੱਖਾਂ ਦੀਆਂ ਤੋਪਾਂ ਦੀ ਮਾਰ ਨਾਲ ਘੋੜੇ ਤੇ ਸਿਪਾਹੀ ਮਰ ਰਹੇ ਸਨ ਜਾਂ ਜੋ ਜ਼ਖ਼ਮੀ ਹੋ ਚੁੱਕੇ ਸਨ, ਉਨ੍ਹਾਂ ਨੂੰ ਸਾਂਭਣ ਜਾਂ ਸਾਰ ਲੈਣ ਵਾਲਾ ਕੋਈ ਵੀ ਨਹੀਂ ਸੀ ਤੇ ਹਰ ਕੋਈ ਚੁੱਪਚਾਪ ਬਿਨਾਂ ਕੁਰਲਾਏ ਦੁੱਖ ਸਹਿ ਰਿਹਾ ਸੀ। 80ਵੀਂ ਰੈਜਮੈਂਟ ਦੇ ਇਕ ਸਿਪਾਹੀ ਦਾ ਮੋਢਾ ਗੋਲਾ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਪਰ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮਦਦ ਲਈ ਕਿੱਥੇ ਜਾਵੇ। ਉਹ ਸਭ ਨੂੰ ਆਪਣਾ ਦੁੱਖ ਸੁਣਾਉਂਦਾ ਰਿਹਾ, ਪਰ ਸਾਰੇ ਉਸ ਨੂੰ ਚੁੱਪ ਕਰਵਾ ਦਿੰਦੇ ਕਿ ਕਿਤੇ ਉਸ ਮੂਰਖ ਦੀ ਆਵਾਜ਼ ਨਾਲ ਇਕ ਹੋਰ ਤੋਪ ਦਾ ਗੋਲਾ ਉਨ੍ਹਾਂ ਉੱਪਰ ਨਾ ਆ ਜਾਏ। ਪਰ ਉਹ ਨਾ ਹਟਿਆ ਜਿਵੇਂ ਉਸ ਦਾ ਹੀ ਦੁੱਖ ਸਭ ਤੋਂ ਜ਼ਿਆਦਾ ਹੋਵੇ। ਜਦ ਕੰਪਨੀ ਦੇ ਸਾਰਜੈਂਟ ਨੇ ਉਸ ਦੀ ਗੱਲ ਨਾ ਸੁਣੀ ਤਾਂ ਉਹ ਸੂਬੇਦਾਰ ਕੋਲ ਗਿਆ ਕਿ ਉਸ ਨੂੰ ਡਾਕਟਰ ਨੂੰ ਮਿਲਣ ਲਈ ਸੁਕੇਅਰ 'ਚੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇ। ਸੂਬੇਦਾਰ ਨੇ ਉਸ ਨੂੰ ਆਪਣੀ ਖੱਬੀ ਲੱਤ ਜੋ ਹੇਠੋਂ ਪੈਰ ਸਮੇਤ ਉੱਡ ਚੁੱਕੀ ਸੀ, ਵਿਖਾਉਂਦੇ ਹੋਏ ਕਿਹਾ ਕਿ ਚੁੱਪ-ਚਾਪ ਲੇਟੇ ਰਹੋ। ਉਹ ਫਿਰ ਵੀ ਨਾ ਟਲਿਆ ਅਤੇ ਲੈਫ਼ਟੀਨੈਂਟ ਪਾਸ ਗਿਆ, ਜਿਸ ਨੇ ਬਹੁਤ ਸ਼ਾਂਤੀ ਨਾਲ ਆਪਣੀ ਖੱਬੀ ਬਾਂਹ ਵਿਖਾਉਂਦੇ ਹੋਏ ਚੁੱਪ ਰਹਿਣ ਦੀ ਸਲਾਹ ਦਿੱਤੀ ਜੋ ਕੂਹਣੀ ਬਾਰੂਦ ਨਾਲ ਉੱਡ ਚੁੱਕੀ ਸੀ। ਕੈਪਟਨ ਕਮਿੰਗ, ਜੋ ਉਸ ਸਮੇਂ ਜ਼ਖ਼ਮੀ ਲੈਫ਼ਟੀਨੈਂਟ ਦੇ ਪਾਸ ਹੀ ਬੈਠਾ ਸੀ, ਵੀ ਨਹੀਂ ਸੀ ਜਾਣਦਾ ਕਿ ਉਹ ਏਨਾ ਜ਼ਖ਼ਮੀ ਹੈ ਅਤੇ ਦੁੱਖ ਸਹਿ ਰਿਹਾ ਹੈ। ਪਰ ਉਹ ਅਭਾਗਾ ਮੂਰਖ ਫਿਰ ਵੀ ਨਾ ਟਲਿਆ ਅਤੇ ਰੈਜਮੈਂਟ ਦੇ ਕਰਨਲ ਮਿਸਟਰ ਬੰਨਬਰੇ ਪਾਸ ਜਾ ਹਾਜ਼ਰ ਹੋਇਆ ਜੋ ਅਜੇ ਤਕ ਘੋੜੇ ਉਪਰ ਹੀ ਸਵਾਰ ਸੀ। ਕਰਨਲ ਨੇ ਦਿਲਾਸਾ ਦਿੱਤਾ ਕਿ ਮੇਰੇ ਪਿਆਰੇ, ਜੇਕਰ ਤੂੰ ਜ਼ਖ਼ਮੀ ਹੈਂ ਤਾਂ ਮੈਂ ਵੀ ਤਾਂ ਜ਼ਖ਼ਮੀ ਹਾਂ। ਇਸ ’ਤੇ ਕਰਨਲ ਨੇ ਉਸ ਨੂੰ ਆਪਣੀ ਲੱਤ ਵਿਖਾਈ ਜੋ ਗੋਡੇ ਤੋਂ ਹੇਠਾਂ ਖ਼ੂਨ ਨਾਲ ਲੱਥਪੱਥ ਸੀ ਅਤੇ ਉਸ ਦੇ ਬੂਟ ਤੋਂ ਲਹੂ ਟਪਕ-ਟਪਕ ਕੇ ਹੇਠਾਂ ਜ਼ਮੀਨ ਉਪਰ ਡਿੱਗ ਰਿਹਾ ਸੀ। ਅਸਿਸਟੈਂਟ ਸਾਰਜੈਂਟ ਮੇਜਰ ਜੋ ਹੁਣ ਤਕ ਚੁੱਪ ਚਾਪ ਵੇਖ ਰਿਹਾ ਸੀ, ਉਸ ਮੂਰਖ ਉਪਰ ਗ਼ੁੱਸੇ ਨਾਲ ਭੜਕ ਪਿਆ ਅਤੇ ਉਸ ਨੂੰ ਜਾ ਫੜਿਆ ਤਾਂ ਕਿ ਉਸ ਨੂੰ ਚੁੱਪ ਕਰਵਾ ਸਕੇ, ਪਰ ਇਸ ਤੋਂ ਪਹਿਲਾਂ ਉਹ ਕੁਝ ਹੋਰ ਬੋਲਦਾ, ਇਕ ਤੋਪ ਦਾ ਗੋਲਾ ਛੂਕਦਾ ਹੋਇਆ ਆਇਆ ਤੇ ਦੋਵਾਂ ਦੇ ਸਿਰ ਉਡਾਉਂਦਾ ਹੋਇਆ ਦੂਰ ਜਾ ਫਟਿਆ। (ਕੈਪਟਨ ਕਮਿੰਗ) ੯. ਸਿੱਖਾਂ ਦੇ ਤੋਪਖ਼ਾਨੇ ਦੀ ਇਕ ਬੈਟਰੀ ਬਹੁਤ ਤਬਾਹੀ ਮਚਾ ਰਹੀ ਸੀ। ਜਿਸ ਨੇ ਅੰਗਰੇਜ਼ਾਂ ਦੀਆਂ ਤੋਪਾਂ ਨੂੰ ਬਾਰੂਦ ਦੇ ਗੱਡਿਆਂ ਸਮੇਤ ਉਡਾ ਦਿੱਤਾ। ਸਾਨੂੰ ਅਸਪੀ ਤੋਪਚੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੁਕਾਬਲੇ ਵਿਚ ਸਿੱਖਾਂ ਦੀਆਂ ਤੋਪਾਂ ਵਰਗੀ ਅਜਿਹੀ ਭਿਆਨਕ ਮਾਰ ਅਜੇ ਤਕ ਕਿਤੇ ਵੀ ਨਹੀਂ ਸੀ ਵੇਖੀ, ਜਦ ਉਨ੍ਹਾਂ ਦੀਆਂ ਤੋਪਾਂ ਸੱਚਮੁੱਚ ਹੀ ਹਵਾ ਵਿਚ ਉੱਡ ਗਈਆਂ ਸਨ। (ਮੈਕਗ੍ਰੇਗਰ) ੧੦. ਸਿੱਖਾਂ ਦੀਆਂ ਤੋਪਾਂ ਗੋਲੇ ਦਾਗ਼ਣ ਵਿਚ ਜ਼ਿਆਦਾ ਤੇਜ਼ ਸਨ ਅਤੇ ਉਨ੍ਹਾਂ ਦੇ ਗੋਲੇ ਵੀ ਸਹੀ ਨਿਸ਼ਾਨੇ 'ਤੇ ਵੱਜਦੇ ਸਨ। ਸਿੱਖਾਂ ਦੇ ਪੈਦਲ ਸੈਨਿਕ ਜੋ ਤੋਪਾਂ ਦੇ ਵਿਚ ਅਤੇ ਪਿੱਛੇ ਖੜ੍ਹ ਕੇ ਲੜ वे ਰਹੇ ਸਨ, ਪੂਰੇ ਫ਼ੌਜੀ ਜ਼ਾਬਤੇ ਵਿਚ ਰਹਿੰਦਿਆਂ ਬਹੁਤ ਹੀ ਵਧੀਆ ਤਰੀਕੇ ਨਾਲ ਦੁਸ਼ਮਣ ਦੀ ਗੋਲਾਬਾਰੀ ਦਾ ਜਵਾਬ ਦੇ ਰਹੇ ਸਨ। ਅੰਗਰੇਜ਼ਾਂ ਨੂੰ ਅਜਿਹੇ ਫਸਵੇਂ ਮੁਕਾਬਲੇ ਦੀ ਬਿਲਕੁਲ ਆਸ ਨਹੀਂ ਸੀ ਅਤੇ ਇਸ ਤਰ੍ਹਾਂ ਫ਼ੀਰੋਜ਼ਸ਼ਾਹ ਦੀ ਲੜਾਈ ਸਮੇਂ ਅੰਗਰੇਜ਼ਾਂ ਦਾ ਪਹਿਲੀ ਵਾਰ ਆਪਣੇ ਬਰਾਬਰ ਦੀ ਸ਼ਕਤੀ ਰੱਖਣ ਵਾਲੀ ਫ਼ੌਜ ਨਾਲ ਵਾਹ ਪਿਆ, ਜੋ ਉਨ੍ਹਾਂ ਲਈ ਬਹੁਤ ਹੀ ਹੈਰਾਨੀਜਨਕ ਸੀ। ਉਹ ਵਧ ਵਧ ਕੇ ਹੱਲੇ ਕਰ ਰਹੇ ਸਨ, ਪਰ ਸਿੱਖਾਂ ਨੂੰ ਉਖੇੜਨਾ ਮੁਸ਼ਕਲ ਹੋ ਰਿਹਾ ਸੀ। (ਜੇ. ਡੀ. ਕਨਿੰਘਮ) ੧੧. ਜਦ ਉਨ੍ਹਾਂ ਦੇ ਚਾਰ ਚੁਫੇਰੇ ਗੋਲੇ ਫਟ ਰਹੇ ਸਨ ਤਾਂ ਗੁਫ਼ ਅਤੇ ਹਾਰਡਿੰਗ ਨੇ ਇਕ ਛੋਟੇ ਜਿਹੇ ਤੰਬੂ ਵਿਚ ਬੈਠ ਕੇ ਫ਼ੈਸਲਾ ਕੀਤਾ ਕਿ ਮੈਦਾਨ ਨਾ ਛੱਡਿਆ ਜਾਵੇ ਅਤੇ ਸਵੇਰ ਨੂੰ ਮੁਕਾਬਲਾ ਕੀਤਾ ਜਾਵੇ, ਜਦਕਿ ਦੋਵੇਂ ਜਾਣਦੇ ਸਨ ਕਿ ਉਨ੍ਹਾਂ ਦੇ ਸਿਪਾਹੀ ਥੱਕੇ ਹੋਣ ਕਰਕੇ ਐਨੇ ਸਖ਼ਤ ਮੁਕਾਬਲੇ ਦਾ ਸਾਹਮਣਾ ਨਹੀਂ ਕਰ ਸਕਣਗੇ, ਜਿਹੋ ਜਿਹਾ ਉਹ ਵੇਖ ਚੁੱਕੇ ਸਨ। ਇਸ ਸੰਭਾਵਿਤ ਹਾਰ ਨੂੰ ਦਿਮਾਗ਼ ਵਿਚ ਰੱਖਦੇ ਹੋਏ ਹਾਰਡਿੰਗ ਨੇ ਪਰੂਸ਼ੀਆ (ਜਰਮਨ) ਦੇ ਸ਼ਹਿਜ਼ਾਦੇ ਵਾਲਡੀਮਰ ਨੂੰ, ਜੋ ਉਸ ਦਾ ਮਹਿਮਾਨ ਸੀ ਅਤੇ ਦਿਨ ਦੀ ਲੜਾਈ ਸਮੇਂ ਦਰਸ਼ਕ ਵਜੋਂ ਹਾਜ਼ਰ ਸੀ, ਸਲਾਮਤੀ ਖ਼ਾਤਰ ਅਤੇ ਨਾਲ ਹੀ ਆਪਣੀ ਨਿੱਜੀ ਤਲਵਾਰ ਤੇ ‘ਸਟਾਰ ਆਫ਼ ਬਾਥ' ਸਮੇਤ ਰਾਤੋ-ਰਾਤ ਮੁੱਦਕੀ ਭੇਜ ਦਿੱਤਾ। ਹਾਰਡਿੰਗ ਨੂੰ ਇਹ ਤਲਵਾਰ ‘ਡਿਊਕ ਆਫ਼ ਵਲਿੰਗਟਨ’ ਨੇ ਸੰਨ 1816 ਵਿਚ ਸੌਦਾ ਦੀ ਲੜਾਈ ਸਮੇਂ ਬਹਾਦਰੀ ਦਿਖਾਉਣ ਉਪਰ ਭੇਟ ਕੀਤੀ ਸੀ ਜੋ ਨੈਪੋਲੀਅਨ ਤੋਂ ਲੜਾਈ ਸਮੇਂ ਖੋਹੀ ਗਈ ਅਤੇ ਲੜਾਈਆਂ ਸਮੇਂ ਵਰਤੀ ਹੋਈ ਫ਼ਰਾਂਸੀਸੀ ਸਮਰਾਟ ਨੈਪੋਲੀਅਨ ਦੀ ਨਿੱਜੀ ਤਲਵਾਰ ਰਹੀ ਸੀ। ਹਾਰਡਿੰਗ ਨੇ ਰੋਬਰਟ ਕਸਟ ਤੇ ਫ਼ਰੈਡਰਿਕ ਕੜ੍ਹੀ ਨੂੰ ਮੁੱਦਕੀ ਵਿਖੇ ਇਹ ਸੁਨੇਹਾ ਵੀ ਭਿਜਵਾਇਆ ਸੀ ਕਿ ਉਹ ਸਾਰੇ ਸਰਕਾਰੀ ਦਸਤਾਵੇਜ਼ ਨਸ਼ਟ ਕਰ ਦੇਣ ਕਿਉਂਕਿ ਕੱਲ ਦਾ ਦਿਨ ਉਨ੍ਹਾਂ ਦਾ ਆਖ਼ਰੀ ਦਿਨ ਹੋਵੇਗਾ। (ਜਾਰਜ ਬਰੂਸ) ੧੨. 21 ਦਸੰਬਰ ਦੀ ਰਾਤ ਮੇਰੇ ਜੀਵਨ ਵਿਚ ਨਾ ਭੁੱਲਣ ਵਾਲੀ ਰਾਤ ਸੀ। ਮੈਂ ਬਾਹਰ ਖੁੱਲ੍ਹੇ ਵਿਚ ਬਿਨਾਂ ਛੱਤ ਜਾਂ ਤੰਬੂ ਤੋਂ, ਬਿਨਾਂ ਖਾਧੇ ਪੀਤੇ ਆਪਣੇ ਆਦਮੀਆਂ ਨਾਲ ਬੈਠਾ ਰਿਹਾ। ਰਾਤ ਬਹੁਤ ਠੰਡੀ ਸੀ, ਸਾਡੇ ਸਾਹਮਣੇ ਸੜ ਰਿਹਾ ਸਿੱਖਾਂ ਦਾ ਕੈਂਪ ਸੀ ਅਤੇ ਸਾਡੇ ਬਹਾਦਰ ਸਿਪਾਹੀ ਤੋਪਾਂ ਦੀ ਭਿਆਨਕ ਮਾਰ ਹੇਠ ਲੇਟੇ ਹੋਏ ਸਨ, ਜੋ ਤੋਪਾਂ ਦੀ ਮਾਰ ਸਾਰੀ ਰਾਤ ਜਾਰੀ ਰਹੀ ਸੀ। ਦੋਵੇਂ ਪਾਸੇ ਸਿੱਖ ਅਤੇ ਅੰਗਰੇਜ਼ ਆਪਣੇ ਨਾਹਰੇ ਲਾ ਰਹੇ ਸਨ। ਸਾਡੇ ਸਿਪਾਹੀ ਕੋਈ ਥਾਂ ਜਾਂ ਆਸਰਾ ਭਾਲਦੇ ਫਿਰਦੇ ਸਨ ਅਤੇ ਮਰਨ ਵਾਲਿਆਂ ਦੀਆਂ ਚੀਕਾਂ ਸੁਣ ਰਹੀਆਂ ਸਨ। (ਗਵਰਨਰ ਜਨਰਲ ਹੈਨਰੀ ਹਾਰਡਿੰਗ) ੧੩. ਇਨ੍ਹਾਂ ਦੋਵੇਂ ਲੜਾਈਆਂ ਮੁੱਦਕੀ ਅਤੇ ਫ਼ੀਰੋਜ਼ਸ਼ਾਹ ਵਿਚ ਅੰਗਰੇਜ਼ਾਂ ਦਾ ਹਰ ਪੰਜਵਾਂ ਸਿਪਾਹੀ ਮਾਰਿਆ ਗਿਆ ਸੀ। ਸਭ ਤੋਂ ਵੱਧ ਯੂਰਪੀਅਨਾਂ ਦੀ ਤਬਾਹੀ ਹੋਈ ਸੀ ਕਿਉਂਕਿ ਸਿੱਖਾਂ ਨੇ ਆਪਣੇ ਤੋਪਾਂ ਦੇ ਗੋਲੇ ਅੰਗਰੇਜ਼ ਪਲਟਨਾਂ ਵੱਲ ਹੀ ਜ਼ਿਆਦਾ ਦਾਗ਼ੇ ਜਿਥੇ ਉਨ੍ਹਾਂ ਦੀ ਫ਼ੌਜ ਦਾ ਹਰ ਤੀਸਰਾ ਆਦਮੀ ਤਬਾਹ ਹੋ ਗਿਆ ਸੀ ਜੋ ਹੁਣ ਤਕ ਦੀਆਂ ਸਪੇਨ ਵਿਚ ਲੜੀਆਂ ਗਈਆਂ ਭਿਆਨਕ ਲੜਾਈਆਂ ਨਾਲੋਂ ਵੀ ਵੱਧ ਨੁਕਸਾਨ ਸੀ, ਜਿਨ੍ਹਾਂ ਵਿਚ ਹਿੱਸਾ ਲੈਣ ਵਾਲੀਆਂ ਕਈਆਂ ਬਟਾਲੀਅਨਾਂ ਇਸ ਲੜਾਈ ਵਿਚ ਸ਼ਾਮਲ ਸਨ। (ਜਨਰਲ ਗੋਰਡਨ) ੧੪. ਜਿੰਨੇ ਚਿਰ ਨੂੰ ਅੰਗਰੇਜ਼ਾਂ ਦੀਆਂ ਤੋਪਾਂ ਦੇ ੨ ਗੋਲੇ ਚੱਲਦੇ, ਸਿੱਖਾਂ ਦੀਆਂ ਤੋਪਾਂ ਇੰਨੇ ਸਮੇਂ ਵਿੱਚ ੩ ਗੋਲੇ ਦਾਗੇ ਦਿੰਦਿਆਂ ਸਨ। ਅੰਗਰੇਜ਼ਾਂ ਦੀਆਂ ਤੋਪਾਂ ਨਾਲੋਂ ਇਹ ਭਾਰੀਆਂ ਵੀ ਸਨ ਅਤੇ ਵੱਧ ਤੇਜ਼ੀ ਨਾਲ ਗੋਲਾਬਾਰੀ ਕਰਦੀਆਂ। ਉਨ੍ਹਾਂ ਦੇ ਨਿਸ਼ਾਨੇ ਵੀ ਅੰਗਰੇਜ਼ਾਂ ਨਾਲੋਂ ਕੀਤੇ ਬਹਿਤਰ ਸਨ। (ਗਵਰਨਰ ਜਨਰਲ ਹੈਨਰੀ ਹਾਰਡਿੰਗ) ੧੫. ਸਾਡੇ ਕੋਲ ਤੋਪਾਂ ਨਹੀਂ ਸਨ ਬਚੀਆਂ। ਜੇਕਰ ਕੋਈ ਹੈ ਵੀ ਸਨ ਤੇ ਉਨ੍ਹਾਂ ਲਈ ਗੋਲਾ ਬਾਰੂਦ ਨਹੀਂ ਸੀ। ਉਨ੍ਹਾਂ ਵਿਚੋਂ ਬਹੁਤਿਆਂ ਸਿੱਖਾਂ ਨੇ ਤਬਾਹ ਕਰ ਦਿੱਤੀਆਂ ਸਨ। ਸਾਰੇ ਪਾਸੇ ਮਰੇ ਹੋਏ ਘੋੜੇ ਅਤੇ ਟੁੱਟੇ ਅੰਗ ਖਿੱਲਰੇ ਹੋਏ ਸਨ। ਸਿੱਖਾਂ ਦੇ ਤੋਪਖਾਨੇ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਪਛਾੜ ਦਿੱਤਾ ਸੀ। (ਕਰਨਲ ਰੋਬਰਟਸਨ) ੧੬. ਅਸੀਂ ਅੱਗੇ ਵੱਧਦੇ ਸਿੱਖਾਂ ਤੋਂ ੨੦ ਕੁ ਗਜ ਦੇ ਫ਼ਾਸਲੇ ਤੇ ਪਹੁੰਚ ਗਏ ਸਾਂ ਕਿ ਸਿੱਖਾਂ ਵਿਚੋਂ ਅਜਿਹੀ ਗੋਲੀਬਾਰੀ ਕੀਤੀ ਗਈ ਕਿ ਸਾਡੇ ਸਿਪਾਹੀ ਮੀਂਹ ਵਾਂਙ ਧਰਤੀ ਤੇ ਡਿੱਗੇ। ਮੈਂ ਕਿੰਞ ਬਚ ਗਿਆ, ਇਹ ਮੇਰੇ ਲਈ ਵੀ ਸਦਾ ਰਹੱਸ ਹੀ ਰਹੇਗਾ। (ਰਾਬਰਟ ਹੈਵੀਲੈਂਡ) ੧੭. ਪਾਣੀ ਨਾ ਹੋਣ ਕਰਕੇ ਤ੍ਰਿਹਾਏ ਹੋਏ ਅੰਗਰੇਜ਼ ਸਿਪਾਹੀ ਤੋਪਾਂ ਦੇ ਪਈ ਤ੍ਰੇਲ ਨੂੰ ਪੀ ਕੇ ਤ੍ਰੇਹ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਸਨ (ਜੋਸਫ਼ ਹੇਵਿਟ) ੧੮. ਅਸੀਂ ਰਾਤ ਵੇਲੇ ਡਰ ਕਾਰਨ ਅੱਗ ਵੀ ਨਹੀਂ ਸੀ ਬਾਲ ਸਕਦੇ। ਜਿੱਥੇ ਵੀ ਅੱਗ ਬਲਦੀ, ਸਿੱਖਾਂ ਦੇ ਗੋਲੇ ਉਥੇ ਹੀ ਆ ਫਟਦੇ। (ਸੀਤਾਰਾਮ, ਅੰਗਰੇਜ਼ੀ ਫ਼ੌਜ ਦਾ ਹਿੰਦੁਸਤਾਨੀ ਸਿਪਾਹੀ) ਪਰ ਸ਼ਾਇਦ ਸਾਡੀ ਹੋਣੀ ਕੁਝ ਹੋਰ ਸੀ। ਅਗਲੇ ਦਿਨ ਦੀ ਸਵੇਰ ਨੂੰ ਲਾਲ ਸਿਉਂ ਅਤੇ ਤੇਜ਼ ਸਿਉਂ ਦੀ ਗੱਦਾਰੀ ਕਾਰਨ ਜਿੱਤੀ ਫ਼ੌਜ ਨੂੰ ਪਿੱਛੇ ਹਟਣਾ ਪਿਆ।

125 views

Comentários


bottom of page